ਨਵੀਆਂ ਗਾਈਡਲਾਈਨਜ਼ ਤੋਂ ਦੁੱਖੀ ਦੁਕਾਨਦਾਰ, ਧਰਨਾ ਲਗਾ ਕੀਤੀ ਇਹ ਮੰਗ
Tuesday, May 04, 2021 - 07:59 PM (IST)
ਲੌਂਗੋਵਾਲ, (ਵਸ਼ਿਸ਼ਟ)- ਦਿਨੋਂ-ਦਿਨ ਵਧ ਰਹੀ ਕੋਰੋਨਾ ਮਹਾਮਾਰੀ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਲਗਾਈਆ਼ ਗਈਆਂ ਪਾਬੰਦੀਆਂ ਦੇ ਮਾਮਲੇ ਨੂੰ ਲੈ ਕੇ ਅੱਜ ਇੱਥੋਂ ਦੇ ਸੈਂਕੜੇ ਹੀ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਸਬ ਤਹਿਸੀਲ ਨੇੜੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ।
ਮਾਮਲਾ ਉਸ ਵੇਲੇ ਗਰਮਾਇਆ ਜਦੋਂ ਜੈਨ ਮੰਦਰ ਚੌਕ ਚੋਂ ਇਕ ਦੁਕਾਨਦਾਰ ਨੂੰ ਪੁਲਸ ਚੁੱਕ ਕੇ ਲੈ ਗਈ। ਜਿਸ ਤੋਂ ਬਾਅਦ ਰੋਹ ਵਿੱਚ ਆਏ ਦੁਕਾਨਦਾਰਾਂ ਨੇ ਧਰਨਾ ਲਾ ਕੇ ਸੰਘਰਸ਼ ਵਿੱਢ ਦਿੱਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਦੇ ਆਗੂ ਕਾਮਰੇਡ ਨੀਰਜ ਕੁਮਾਰ, ਸ਼ਿਸ਼ਨ ਪਾਲ ਗਰਗ, ਦੀਪਕ ਕੁਮਾਰ ਗਰਗ, ਲਖਵੀਰ ਸਿੰਘ ਅਤੇ ਕਾਮਰੇਡ ਸੱਤਪਾਲ ਸੱਤਾ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੇ ਦੁਕਾਨਦਾਰਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਰੱਖ ਦਿੱਤਾ ਹੈ । ਆਗੂਆਂ ਨੇ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਨੂੰ ਸਰਕਾਰ ਗੈਰ ਜ਼ਰੂਰੀ ਦੱਸ ਕੇ ਦੁਕਾਨਾਂ ਬੰਦ ਰੱਖਣ ਦੇ ਹੁਕਮ ਚਾੜ੍ਹ ਰਹੀ ਹੈ, ਕੀ ਇਨ੍ਹਾਂ ਦੁਕਾਨਦਾਰਾਂ ਨੇ ਅਪਣੇ ਪਰਿਵਾਰਾਂ ਦੇ ਪੇਟ ਨਹੀ ਭਰਨੇ? ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਬਾਜ਼ਾਰਾਂ ਵਿਚ ਪਹਿਲਾਂ ਦੀ ਤਰ੍ਹਾਂ ਭੀੜ ਬਰਕਰਾਰ ਹੈ।
ਉਨ੍ਹਾਂ ਕਿਹਾ ਕਿ ਪੁਲਸ ਵਲੋਂ ਸਵੇਰ ਤੋਂ ਦੁਕਾਨਾਂ ਬੰਦ ਨਹੀਂ ਕਰਵਾਈਆਂ ਜਾਂਦੀਆਂ ਬਲਕਿ ਦੁਪਹਿਰ ਵੇਲੇ ਆ ਕੇ ਪੁਲਸ ਦੁਕਾਨਦਾਰਾਂ ਤੇ ਸਖ਼ਤਾਈ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਾਂ ਤਾਂ ਪੂਰੀ ਤਰ੍ਹਾਂ ਲਾਕਡਾਊਨ ਲਗਾਵੇ ਜਾਂ ਸਾਰੇ ਦੁਕਾਨਦਾਰਾਂ ਨੂੰ ਕੁਝ ਸਮਾਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਵੇ । ਕਿਉਂਕਿ ਹਾੜ੍ਹੀ ਦੇ ਸੀਜ਼ਨ ਕਾਰਨ ਜੋ ਵੀ ਲੋਕ ਦੁਕਾਨਾਂ 'ਤੇ ਹਿਸਾਬ ਕਿਤਾਬ ਕਰਨ ਲਈ ਆਉਂਦੇ ਹਨ ਉਨ੍ਹਾਂ ਨੂੰ ਵੱਡੀ ਮੁਸ਼ਕਲ ਪੇਸ਼ ਆਂਉਦੀ ਹੈ। ਇਸ ਦੌਰਾਨ ਆਗੂਆਂ ਨੇ ਬਾਜ਼ਾਰ ਵਿੱਚੋਂ ਚੁੱਕ ਕੇ ਲਿਆਂਦੇ ਦੁਕਾਨਦਾਰ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਗੁਰਮੇਲ ਸਿੰਘ ਚੋਟੀਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਿੱਧੂ ,ਨੰਦੂ ਮੰਗਲਾ,ਕਸ਼ਮੀਰ ਸਿੰਘ, ਸਮਿੱਤ ਮੰਗਲਾ, ਬਸਪਾ ਆਗੂ ਰਾਮ ਸਿੰਘ ,ਖੁਸ਼ਦੀਪ ਕੁਮਾਰ,ਪਰਮਿੰਦਰ ਸਿੰਘ,ਆਦਿ ਹਾਜਰ ਸਨ।
ਪੁਲਸ ਨੂੰ ਸਹਿਯੋਗ ਦੇਣ ਲੋਕ-ਥਾਣਾ ਮੁਖੀ
ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ ਇੰਸਪੈਕਟਰ ਜਰਨੈਲ ਸਿੰਘ ਨੇ ਧਰਨੇ ਵਾਲੀ ਥਾਂ ਤੇ ਪੁੱਜ ਕੇ ਲੋਕਾਂ ਨੂੰ ਕਰੋਨਾ ਮਾਹਾਮਾਰੀ ਦੇ ਚਲਦਿਆਂ ਧਰਨੇ ਨੂੰ ਚੁੱਕਣ ਦੀ ਅਪੀਲ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਸਰਕਾਰ ਦੇ ਹੁਕਮਾਂ ਨੂੰ ਲਾਗੂ ਕਰਵਾਉਣਾ ਹੈ ।ਇਸ ਲਈ ਦੁਕਾਨਦਾਰਾਂ ਨੂੰ ਪੁਲਸ ਦਾ ਵਿਰੋਧ ਨਹੀਂ ਸਹਿਯੋਗ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸਰਕਾਰ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਸਖਤੀ ਨਾਲ ਲਾਗੂ ਕੀਤਾ ਜਾਵੇਗਾ।ਇਸ ਦੌਰਾਨ ਪੁਲਸ ਨੇ ਗ੍ਰਿਫ਼ਤਾਰ ਕੀਤੇ ਦੁਕਾਨਦਾਰ ਨੂੰ ਚਿਤਾਵਨੀ ਦੇ ਕੇ ਰਿਹਾਅ ਕਰ ਦਿੱਤਾ ।
ਈ.ਓ ਨੂੰ ਦਿੱਤਾ ਮੰਗ ਪੱਤਰ
ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਅਸ਼ੋਕ ਕੁਮਾਰ ਬਬਲੀ ਦੇ ਨਾਲ ਧਰਨੇ ਵਾਲੀ ਥਾਂ ਤੇ ਪੁੱਜੇ ਲੌਂਗੋਵਾਲ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਿੰਦਰਪਾਲ ਸਿੰਘ ਗਿੱਲ ਨੂੰ ਸਥਾਨਕ ਦੁਕਾਨਦਾਰਾਂ ਨੇ ਆਜ਼ਾਦ ਸੋਚ ਵਪਾਰ ਮੰਡਲ ਵੱਲੋਂ ਮੰਗ ਪੱਤਰ ਦਿੱਤਾ।ਜਿਸ ਰਾਹੀਂ ਮੰਗ ਕੀਤੀ ਗਈ ਕਿ ਸਰਕਾਰ ਵੱਲੋ ਜਾਰੀ ਹਦਾਇਤਾਂ ਵਿਚ ਸੋਧ ਕਰਕੇ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲਣ ਦਾ ਸਮਾਂ ਦੇਣਾ ਚਾਹੀਦਾਹੈ।