ਤੰਬਾਕੂਨੋਸ਼ੀ ਤਹਿਤ 4 ਦੁਕਾਨਦਾਰਾਂ ਦੇ ਚਲਾਨ ਕੱਟੇ

02/07/2018 7:19:52 AM

ਕਪੂਰਥਲਾ, (ਮੱਲ੍ਹੀ)- ਐੱਸ. ਐੱਮ. ਓ. ਕਾਲਾ ਸੰਘਿਆਂ ਡਾ. ਸੀਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੈਡੀਕਲ ਅਫ਼ਸਰ ਇੰਚਾਰਜ ਭਾਣੋਲੰਙਾ ਡਾ. ਗੁਣਤਾਸ ਦੀ ਨਿਗਰਾਨੀ ਤੇ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਦੀ ਟੀਮ ਵੱਲੋਂ ਅੱਜ ਸ਼ੇਖੂਪੁਰ ਏਰੀਏ 'ਚ 4 ਦੁਕਾਨਦਾਰਾਂ ਦੇ ਤੰਬਾਕੂਨੋਸ਼ੀ ਤਹਿਤ ਚਲਾਨ ਕੱਟੇ ਗਏ। 5 ਵਿਅਕਤੀਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ। 
ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਰੰਧਾਵਾ ਨੇ ਦੱਸਿਆ ਤੰਬਾਕੂਨੋਸ਼ੀ ਕਾਰਨ ਅਸੀਂ ਖੁਦ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਲਈ ਸਾਨੂੰ ਤੰਬਾਕੂਨੋਸ਼ੀ ਤੋਂ ਤੌਬਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਨਾਹੀ ਵਾਲੇ ਖੇਤਰ 'ਚ ਤੰਬਾਕੂ ਵੇਚਣ ਤੇ ਸੇਵਨ ਕਰਨ 'ਤੇ ਪਾਬੰਦੀ ਲਈ ਬਣੇ ਕਾਨੂੰਨ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੰਬਾਕੂਨੋਸ਼ੀ ਨਾ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਸਾਂਝੀਆਂ ਪਬਲਿਕ ਥਾਵਾਂ ਤੇ ਸਕੂਲਾਂ ਆਦਿ 'ਚ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਇਸ ਮੌਕੇ ਐੱਸ. ਆਈ. ਗੁਰਮੀਤ ਸਿੰਘ, ਪਰਗਟ ਸਿੰਘ ਤੇ ਜਗਜੀਤ ਸਿੰਘ ਕੰਗ ਆਦਿ ਹਾਜ਼ਰ ਸਨ।


Related News