ਮੰਡੀ ਚੌਕ ''ਚ ਰੋਜ਼ਾਨਾ ਬੱਸਾਂ ਕਾਰਨ ਲੱਗਦਾ ਜਾਮ ਦੁਕਾਨਦਾਰਾਂ ਅਤੇ ਲੋਕਾਂ ਲਈ ਬਣਿਆ ਮੁਸੀਬਤ

Monday, Dec 04, 2017 - 12:52 AM (IST)

ਮੰਡੀ ਚੌਕ ''ਚ ਰੋਜ਼ਾਨਾ ਬੱਸਾਂ ਕਾਰਨ ਲੱਗਦਾ ਜਾਮ ਦੁਕਾਨਦਾਰਾਂ ਅਤੇ ਲੋਕਾਂ ਲਈ ਬਣਿਆ ਮੁਸੀਬਤ

ਗੁਰਦਾਸਪੁਰ,  (ਦੀਪਕ)-  ਸਥਾਨਕ ਸ਼ਹਿਰ ਦਾ ਮੰਡੀ ਚੌਕ ਇਕ ਅਜਿਹਾ ਚੌਕ ਹੈ, ਜਿੱਥੋਂ ਰੋਜ਼ਾਨਾ ਧਾਰੀਵਾਲ, ਬਟਾਲਾ, ਅੰਮ੍ਰਿਤਸਰ ਅਤੇ ਦੀਨਾਨਗਰ, ਪਠਾਨਕੋਟ ਨੂੰ ਜਾਣ ਲਈ ਬੱਸਾਂ ਲੰਘਦੀਆਂ ਹਨ ਅਤੇ ਇਸ ਚੌਕ 'ਚ ਭਾਰੀ ਆਵਾਜਾਈ ਹੋਣ ਕਾਰਨ ਇੱਥੇ ਕਈ ਵਾਰ ਹਾਦਸੇ ਹੋ ਚੁੱਕੇ ਹਨ ਅਤੇ ਮੰਡੀ ਚੌਕ ਦੇ ਨਾਲ ਹੀ ਸੰਗਲਪੁਰਾ ਰੋਡ ਜਿੱਥੇ ਕੁਝ ਸਕੂਲ ਵੀ ਸਥਿਤ ਹੈ ਅਤੇ ਸਕੂਲਾਂ 'ਚ ਪੜ੍ਹਨ ਲਈ ਰੋਜ਼ਾਨਾ ਬੱਚੇ ਸੜਕ ਤੋਂ ਲੰਘਦੇ ਹਨ। ਇਸ ਚੌਕ ਵਿਚ ਭਾਰੀ ਆਵਾਜਾਈ ਹੋਣ ਕਾਰਨ ਇੱਥੇ ਰੋਜ਼ਾਨਾ ਭਾਰੀ ਜਾਮ ਲੱਗਦਾ ਹੈ, ਜਿਸ ਕਾਰਨ ਨੇੜੇ ਰਹਿੰਦੇ ਦੁਕਾਨਦਾਰਾਂ ਅਤੇ ਇੱਥੇ ਰਹਿਣ ਵਾਲੇ ਲੋਕਾਂ ਲਈ ਮੁਸ਼ਕਲ ਦਾ ਸਬੱਬ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਬੀਤੇ ਮਹੀਨੇ ਇੱਥੇ ਇਕ ਪ੍ਰਾਈਵੇਟ ਬੱਸ ਅਸੰਤੁਲਨ ਹੋ ਕੇ ਚੌਕ 'ਚ ਸਥਿਤ ਮੈਡੀਕਲ ਦੀ ਦੁਕਾਨ ਨਾਲ ਜਾ ਟਕਰਾਈ ਸੀ। ਇਸ ਹਾਦਸੇ ਵਿਚ ਹਾਲਾਂਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੁਕਾਨ ਮਾਲਕ ਵਾਲ-ਵਾਲ ਬਚ ਗਿਆ ਸੀ ਅਤੇ ਦੁਕਾਨ ਦਾ ਕਾਫੀ ਨੁਕਸਾਨ ਹੋ ਗਿਆ ਸੀ।
   ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਮੰਡੀ ਚੌਕ 'ਚੋਂ ਰੋਜ਼ਾਨਾ ਬੱਸਾਂ ਲੰਘਣ ਕਾਰਨ ਇੱਥੇ ਸਥਿਤ ਦੁਕਾਨਦਾਰ ਅਤੇ ਰਹਿੰਦੇ ਲੋਕ ਹਮੇਸ਼ਾ ਡਰ ਦੇ ਆਲਮ 'ਚ ਰਹਿੰਦੇ ਹਨ, ਕਿਉਂਕਿ ਚੌਕ ਤੋਂ ਲੰਘਦੇ ਹੋਏ ਬੱਸਾਂ ਇੰਨੀ ਤੇਜ਼ ਰਫਤਾਰ ਨਾਲ ਲੰਘਦੀਆਂ ਹਨ ਕਿ ਲੋਕ ਸਹਿਮੇ ਹੋਏ ਨਜ਼ਰ ਆਉਂਦੇ ਹਨ। ਮੰਡੀ ਚੌਕ ਦੇ ਨਾਲ ਲੱਗਦਾ ਸੰਗਲਪੁਰਾ ਰੋਡ ਜਿੱਥੋਂ ਬੱਸਾਂ ਲੰਘਦੀਆਂ ਹਨ, ਉੱਥੇ ਕੁਝ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਪੈਂਦੇ ਹਨ, ਜਿਸ ਕਾਰਨ ਬੱਚਿਆਂ ਦੇ ਮਾਪੇ ਹਮੇਸ਼ਾ ਡਰੇ ਰਹਿੰਦੇ ਹਨ, ਕਿਉਂਕਿ ਬੱਸਾਂ ਦੀ ਰਫਤਾਰ ਬਹੁਤ ਜ਼ਿਆਦਾ ਹੁੰਦੀ ਹੈ।
ਮੰਡੀ ਚੌਕ 'ਚ ਕਈ ਵਾਰ ਹੋ ਚੁੱਕੇ ਨੇ ਹਾਦਸੇ
ਜ਼ਿਕਰਯੋਗ ਹੈ ਕਿ ਮੰਡੀ ਚੌਕ 'ਚ ਬੱਸਾਂ ਦੀ ਤੇਜ਼ ਰਫਤਾਰੀ ਕਾਰਨ ਕਈ ਵਾਰ ਹਾਦਸੇ ਹੋ ਚੁੱਕੇ ਹਨ। ਬੱਸਾਂ ਦੇ ਲੰਘਣ ਕਾਰਨ ਚੌਕ 'ਚ ਭਾਰੀ ਜਾਮ ਲੱਗਾ ਰਹਿੰਦਾ ਹੈ, ਜਿਸ ਕਾਰਨ ਲੋਕ ਇਕ ਦੂਜੇ ਨਾਲ ਉਲਝਦੇ ਹੋਏ ਵੀ ਝਗੜਾ ਕਰਦੇ ਹਨ। ਮੰਡੀ ਚੌਕ 'ਚ ਬੱਸਾਂ ਕਾਰਨ ਰੋਜ਼ਾਨਾ ਭਾਰੀ ਜਾਮ ਲੱਗਣਾ ਉੱਥੇ ਸਥਿਤ ਦੁਕਾਨਦਾਰਾਂ ਅਤੇ ਲੋਕਾਂ ਲਈ ਮੁਸੀਬਤ ਬਣ ਗਿਆ ਹੈ, ਕਿਉਂਕਿ ਰੋਜ਼ਾਨਾ ਇਕ ਬੱਸ ਆਉੁਂਦੀ ਹੈ ਅਤੇ ਦੂਜੀ ਜਾਂਦੀ ਹੈ, ਜਿਸ ਕਾਰਨ ਭਾਰੀ ਜਾਮ ਲੱਗਾ ਰਹਿੰਦਾ ਹੈ, ਜੇਕਰ ਕਿਸੇ ਨੇ ਆਪਣੇ ਕੰਮ ਲਈ ਜਾਣਾ ਹੁੰਦਾ ਹੈ ਤਾਂ ਪਹਿਲਾਂ ਉਸ ਨੂੰ ਜਾਮ ਨਾਲ ਨਿਪਟਣਾ ਪੈਂਦਾ ਹੈ। ਉੱਥੇ ਰਹਿੰਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਬੱਸਾਂ ਦੀ ਰਫਤਾਰ ਘੱਟ ਕਰਵਾਉਣ ਦੀ ਅਪੀਲ ਕੀਤੀ ਹੈ।


Related News