ਬਿਨਾਂ ਲਾਇਸੈਂਸ ਪਟਾਕਿਆਂ ਦੇ ਸਟਾਲ ਲਾਉਣ ਵਾਲੇ ਦੁਕਾਨਦਾਰ ਨਾਮਜ਼ਦ

Saturday, Oct 21, 2017 - 09:46 AM (IST)

ਬਿਨਾਂ ਲਾਇਸੈਂਸ ਪਟਾਕਿਆਂ ਦੇ ਸਟਾਲ ਲਾਉਣ ਵਾਲੇ ਦੁਕਾਨਦਾਰ ਨਾਮਜ਼ਦ

ਬਰਨਾਲਾ (ਵਿਵੇਕ ਸਿੰਧਵਾਨੀ)— ਭਦੌੜ ਵਿਖੇ ਪਟਾਕਿਆਂ ਦੇ ਸਟਾਲ ਲਾਉਣ ਵਾਲੇ ਦੋ ਦੁਕਾਨਦਾਰਾਂ 'ਤੇ ਪੁਲਸ ਨੇ ਵੱਖੋ-ਵੱਖਰੇ 2 ਪਰਚੇ ਦਰਜ ਕੀਤੇ ਹਨ।  ਥਾਣਾ ਭਦੌੜ ਦੇ ਏ.ਐੱਸ.ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਪਟਾਕਿਆਂ ਦੇ ਸਟਾਲ ਬਿਨਾਂ ਲਾਇਸੈਂਸ ਤੋਂ ਲਾਉਣ ਵਾਲਿਆਂ 'ਤੇ ਕਾਰਵਾਈ ਕਰਨ ਸਬੰਧੀ ਦੀਵਾਲੀ ਤੋਂ ਦੋ ਤਿੰਨ ਦਿਨ ਪਹਿਲਾਂ ਚੈਕਿੰਗ ਕੀਤੀ ਗਈ ਸੀ ਅਤੇ ਥਾਣਾ ਭਦੌੜ ਵੱਲੋਂ ਬਿਨਾਂ ਲਾਇਸੈਂਸ ਤੋਂ ਪਟਾਕੇ ਨਾ ਲਾਉਣ ਸਬੰਧੀ ਮੁਨਿਆਦੀ ਵੀ ਕਰਵਾਈ ਗਈ ਸੀ। ਗਗਨਦੀਪ ਸਿੰਘ ਪੁੱਤਰ ਦੇਸ ਵਾਸੀ ਭੱਠਾ ਬਸਤੀ ਭਦੌੜ ਤੋਂ 12 ਕਿਲੋ ਪਟਾਕੇ ਬਿਨਾਂ ਲਾਇਸੈਂਸ ਦੇ ਫੜਨ ਕਰ ਕੇ ਅਤੇ ਅਜਮੇਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭਦੌੜ ਤੋਂ 45 ਕਿਲੋ ਪਟਾਕੇ ਬਿਨਾਂ ਲਾਇਸੈਂਸ ਬਰਾਮਦ ਹੋਣ 'ਤੇ ਇਨ੍ਹਾਂ ਦੋਵਾਂ ਖਿਲਾਫ ਪਰਚੇ ਦਰਜ ਕੀਤੇ ਗਏ ਹਨ।
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)—  ਡੀ. ਐੱਸ. ਪੀ. ਸਿਟੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਥਾਣਾ ਸਿਟੀ ਬਰਨਾਲਾ ਦੇ ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਸੱਤਭੂਸ਼ਣ ਪੁੱਤਰ ਮਦਨ ਲਾਲ ਬਾਂਸਲ ਵਾਸੀ ਬਰਨਾਲਾ, ਜੋ ਨੇੜੇ ਵਾਲਮੀਕਿ ਚੌਕ ਵਿਖੇ ਆਪਣੀ ਦੁਕਾਨ ਭੂਸ਼ਣ ਜਨਰਲ ਸਟੋਰ 'ਤੇ ਬਿਨਾਂ ਲਾਇਸੈਂਸ ਪਟਾਕੇ ਰੱਖ ਕੇ ਵੇਚ ਕੇ ਮਾਣਯੋਗ ਅਦਾਲਤ ਅਤੇ ਡੀ. ਸੀ. ਬਰਨਾਲਾ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਸੀ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਗਈ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਰਾਮਪਾਲ ਪੁੱਤਰ ਰੁਲਦੂ ਰਾਮ ਵਾਸੀ ਪਟੇਲ ਨਗਰ ਗਲੀ ਨੰਬਰ 1, ਜੋ ਕਿ ਕੇ. ਸੀ. ਰੋਡ ਬਰਨਾਲਾ ਨਹਿਰੂ ਚੌਕ ਬਰਨਾਲਾ ਵਿਖੇ ਆਪਣੀ ਦੁਕਾਨ 'ਤੇ ਬਿਨਾਂ ਲਾਇਸੈਂਸੀ ਪਟਾਕੇ ਵੇਚ ਕੇ ਮਾਣਯੋਗ ਅਦਾਲਤ ਅਤੇ ਡੀ. ਸੀ. ਬਰਨਾਲਾ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਸੀ, 'ਤੇ ਪੁਲਸ ਕਾਰਵਾਈ ਅਮਲ ਵਿਚ ਲਿਆਂਦੀ ਹੈ।


Related News