ਸ਼ਾਰਟ ਸਰਕਟ ਕਾਰਨ ਦੁਕਾਨ ''ਚ ਲੱਗੀ ਅੱਗ

Friday, Sep 08, 2017 - 08:03 AM (IST)

ਸ੍ਰੀ ਮੁਕਤਸਰ ਸਾਹਿਬ  (ਪਵਨ ਤਨੇਜਾ, ਭੁਪਿੰਦਰ) - ਸਥਾਨਕ ਕੋਟਕਪੂਰਾ ਬਾਈਪਾਸ ਨੇੜੇ ਸ਼੍ਰੀ ਕਾਂਸ਼ੀ ਪ੍ਰਸਾਦ ਸ਼ਿਵ ਮੰਦਰ ਕੋਲ ਕੱਪੜੇ ਦੀ ਇਕ ਦੁਕਾਨ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਚਾਨਕ ਲੱਗੀ ਅੱਗ ਕਰਕੇ ਦੁਕਾਨ ਵਿਚ ਪਿਆ ਕਾਫ਼ੀ ਸਾਮਾਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਦਿਤਿਆ ਕਲਾਥ ਹਾਊਸ ਦੇ ਮਾਲਕ ਆਦਿਤਿਆ ਗਰਗ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰ ਕੇ ਅਜੇ ਘਰ ਪਹੁੰਚਿਆ ਹੀ ਸੀ ਕਿ ਰਾਤ ਕਰੀਬ ਸਾਢੇ 9 ਵਜੇ ਦੁਕਾਨ ਦੇ ਨਾਲ ਲੱਗਦੇ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਹੈ, ਜਿਸ 'ਤੇ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਅੱਗ ਦੀਆਂ ਲਪਟਾਂ ਉੱਤੇ ਕਾਬੂ ਪਾਇਆ।
ਦੁਕਾਨ ਮਾਲਕ ਅਨੁਸਾਰ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਲਾਈਟ ਬੰਦ ਹੋ ਕੇ ਦੁਬਾਰਾ ਆਈ ਤਾਂ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾਉਂਦਿਆਂ ਪਾਣੀ ਨਾਲ ਕਾਫ਼ੀ ਮਾਤਰਾ ਵਿਚ ਕੱਪੜਾ ਭਿੱਜ ਜਾਣ ਕਾਰਨ ਉਨ੍ਹਾਂ ਦਾ ਕਰੀਬ ਸਾਢੇ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।


Related News