ਸ਼ਰਾਰਤੀ ਅਨਸਰਾਂ ਨੇ ਦੁਕਾਨ ਨੂੰ ਲਗਾਈ ਅੱਗ, ਲੱਖਾ ਦਾ ਸਾਮਾਨ ਸੜ ਕੇ ਸੁਆਹ

Tuesday, Sep 05, 2017 - 05:08 PM (IST)

ਸ਼ਰਾਰਤੀ ਅਨਸਰਾਂ ਨੇ ਦੁਕਾਨ ਨੂੰ ਲਗਾਈ ਅੱਗ, ਲੱਖਾ ਦਾ ਸਾਮਾਨ ਸੜ ਕੇ ਸੁਆਹ

ਬੱਧਨੀ ਕਲਾਂ (ਬੱਬੀ) - ਸ਼ਹਿਰ ਦੇ ਮੇਨ ਰੋਡ 'ਤੇ ਸਥਿਤ ਗੁਲਾਬੀ ਬਾਗ 'ਚ ਇਕ ਕਾਰਾਂ, ਜੀਪਾਂ ਦੀ ਰਿਪੇਅਰਿੰਗ ਅਤੇ ਸਪੇਅਰ ਪਾਰਟਸ ਦੀ ਦੁਕਾਨ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਾ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨਾਲ ਦੁਕਾਨ ਅੰਦਰ ਖੜ੍ਹੀਆਂ 2 ਕਾਰਾਂ ਸਮੇਤ 20 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਸ ਸਬੰਧੀ ਦੁਕਾਨ ਮਾਲਕ ਕਮਲਦੀਪ ਸਿੰਘ ਵਾਸੀ ਬੱਧਨੀ ਕਲਾਂ ਨੇ ਦੱਸਿਆ ਕਿ ਰਾਤ ਨੂੰ ਉਹ ਦੁਕਾਨ ਬੰਦ ਕਰ ਕੇ ਗਿਆ ਸੀ ਪਰ ਅੱਜ ਸਵੇਰੇ 7 ਵਜੇ ਦੇ ਕਰੀਬ ਜਦੋਂ ਦੁਕਾਨ ਅੰਦਰ ਕੰਮ ਕਰਨ ਵਾਲੇ ਮਿਸਤਰੀ ਜਗਸੀਰ ਸਿੰਘ ਨੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਦੁਕਾਨ 'ਚ ਲੱਗੀ ਅੱਗ ਨਾਲ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਉਸ ਨੇ ਕਿਹਾ ਕਿ ਕੋਈ ਸ਼ਰਾਰਤੀ ਅਨਸਰ ਰਾਤ ਨੂੰ ਦੁਕਾਨ ਦੇ ਕੁਝ ਹਿੱਸੇ 'ਚ ਛੱਤ 'ਤੇ ਪਾਈਆਂ ਹੋਈਆਂ ਚਾਦਰਾਂ 'ਚੋਂ ਇਕ ਚਾਦਰ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਅੰਦਰ ਪਏ ਸਾਮਾਨ ਨੂੰ ਅੱਗ ਲਾ ਦਿੱਤੀ, ਜਿਸ ਨਾਲ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਪੀੜਤ ਦੁਕਾਨਦਾਰ ਨੇ ਕਿਹਾ ਕਿ ਦੁਕਾਨ 'ਚ ਠੀਕ ਕਰਨ ਲਈ ਆਈਆਂ 2 ਗੱਡੀਆਂ ਵੀ ਅੱਗ ਲੱਗਣ ਕਾਰਨ ਸੜ ਗਈਆਂ। ਦੁਕਾਨ 'ਚ ਲੱਗੀ ਅੱਗ ਇੰਨੀ ਜ਼ਬਰਦਸਤ ਸੀ ਕਿ ਦੁਕਾਨ ਦੀ ਛੱਤ ਦਾ ਜਿੱਥੇ ਲੈਂਟਰ ਵੀ ਬਹਿ ਗਿਆ, ਉੱਥੇ ਹੀ ਐਲੋਮੀਨੀਅਮ ਅਤੇ ਲੋਹੇ ਦਾ ਸਾਮਾਨ ਢਲ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਬੱਧਨੀ ਕਲਾਂ ਪੁਲਸ ਥਾਣੇ ਦੇ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।


Related News