ਕਿਸਾਨ ਦੇ ਕਾਤਲਾਂ ਦੀ ਪੁਲਸ ਨੂੰ ਮਿਲੀ ਸੀਸੀਟੀਵੀ ਫੁਟੇਜ, ਦੋਸ਼ੀਆਂ ਦੀ ਸੂਹ ਦੇਣ ''ਤੇ ਇਕ ਲੱਖ ਦੇ ਇਨਾਮ ਦਾ ਐਲਾਨ
Wednesday, Jun 16, 2021 - 06:19 PM (IST)
ਮੋਗਾ (ਅਜ਼ਾਦ): ਮੋਗਾ ਨੇੜਲੇ ਪਿੰਡ ਰਾਜੇਆਣਾ-ਰੋਡੇ ਰੋਡ ’ਤੇ ਬੀਤੀ 14 ਜੂਨ ਨੂੰ ਦਿਨ-ਦਿਹਾੜੇ ਅਣਪਛਾਤੇ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਕਿਸਾਨ ਕੇਵਲ ਸਿੰਘ ਦੀ ਹੱਤਿਆ ਕਰਨ ਦੇ ਮਾਮਲੇ ’ਚ ਮੋਗਾ ਪੁਲਸ ਨੂੰ ਉਸ ਵੇਲੇ ਅਹਿਮ ਸੁਰਾਗ ਮਿਲਿਆਂ ਜਦੋਂ ਪੁਲਸ ਨੇ ਬਾਰੀਕੀ ਨਾਲ ਜਾਂਚ ਕਰਦੇ ਹੋਏ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋਈਆਂ ਲੁਟੇਰਿਆਂ ਦੀਆਂ ਤਸਵੀਰਾਂ ਨੂੰ ਜਾ ਲੱਭਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ.ਆਈ ਜੰਗਜੀਤ ਸਿੰਘ ਅਤੇ ਡੀ.ਐੱਸ.ਪੀ. ਬਾਘਾਪੁਰਾਣਾ ਜਸਬਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਦੀਆਂ ਤਸਵੀਰਾਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ ’ਤੇ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ ਗਿਆ ਹੈ ਅਤੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਵਾਉਣ ਵਾਲਿਆਂ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ, ਜਿਨ੍ਹਾਂ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਬਠਿੰਡਾ : ਮਾਲਗੱਡੀ ਦੀ ਛੱਤ 'ਤੇ ਵੀਡੀਓ ਬਣਾ ਰਿਹਾ ਨੌਜਵਾਨ ਹਾਈਵੋਲਟੇਜ ਤਾਰਾਂ ਨਾਲ ਉਲਝ ਕੇ ਝੁਲਸਿਆ (ਤਸਵੀਰਾਂ)
ਜ਼ਿਕਰਯੋਗ ਹੈ ਕਿ ਬੀਤੀ 14 ਜੂਨ ਨੂੰ ਦਿਨ-ਦਿਹਾੜੇ ਅਣਪਛਾਤੇ ਮੋਟਰ ਸਾਈਕਲ ਸਵਾਰ ਲੁਟੇਰੇ ਕਿਸਾਨ ਕੇਵਲ ਸਿੰਘ ਦੀ ਮੋਟਰ ’ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦਾ ਬੈੱਗ ਚੁੱਕ ਕੇ ਲੈ ਗਏ ਸਨ, ਜਿਨ੍ਹਾਂ ਦਾ ਕੇਵਲ ਸਿੰਘ ਨੇ ਇਕ ਪ੍ਰਵਾਸੀ ਮਜ਼ਦੂਰ ਨਾਲ ਪਿੱਛਾ ਕਰ ਕੇ ਉਨ੍ਹਾਂ ਨੂੰ ਜਾ ਘੇਰਿਆ ਅਤੇ ਉਨ੍ਹਾਂ ਦੇ ਮੋਟਰ ਸਾਈਕਲ ਦੀ ਚਾਬੀ ਕੱਢ ਲਈ। ਇਸੇ ਦੌਰਾਨ ਇਕ ਲੁਟੇਰੇ ਨੇ ਕੇਵਲ ਸਿੰਘ ਦੇ ਸਿਰ ਵਿਚ ਗੋਲੀ ਮਾਰੀ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧ ਵਿਚ ਬਾਘਾਪੁਰਾਣਾ ਪੁਲਸ ਵੱਲੋਂ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਵੱਲੋਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਲੁਟੇਰਿਆਂ ਦੇ ਜਲਦ ਹੀ ਕਾਬੂ ਆ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਪੋਸਟਰ ਜੰਗ ਹੋਈ ਤੇਜ਼, ਹੁਣ ਪ੍ਰਤਾਪ ਬਾਜਵਾ ਦੇ ਹੱਕ ’ਚ ਵੀ ਲੱਗਣ ਲੱਗੇ ਹੋਰਡਿੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ