ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ, ਪੂਰੀ ਖ਼ਬਰ ਜਾਣ ਉੱਡਣਗੇ ਹੋਸ਼

Saturday, Jun 15, 2024 - 12:36 PM (IST)

ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ, ਪੂਰੀ ਖ਼ਬਰ ਜਾਣ ਉੱਡਣਗੇ ਹੋਸ਼

ਲੁਧਿਆਣਾ: ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ ਸਾਹਮਣੇ ਆਈ ਹੈ। ਲੁਧਿਆਣਾ ਜ਼ਿਲ੍ਹੇ ਦੇ ਖੰਨਾ ਅਤੇ ਸਮਰਾਲਾ ਦੇ ਸਬ-ਡਵੀਜ਼ਨਲ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਨੂੰ ਮੈਡੀਕਲ ਕਾਰਨਾਂ ਕਰ ਕੇ ਨਹੀਂ, ਸਗੋਂ ਅਜੀਬ ਕਾਰਨ ਕਰ ਕੇ ਸੀਜ਼ੇਰੀਅਨ ਸੈਕਸ਼ਨ (ਸੀ-ਸੈਕਸ਼ਨ) ਕਰਵਾਉਣਾ ਪੈ ਰਿਹਾ ਹੈ। ਦਰਅਸਲ, ਡਾਕਟਰ ਅਤੇ ਸਟਾਫ਼ ਆਪਣੀ ਸ਼ਿਫਟ ਖ਼ਤਮ ਕਰ ਕੇ ਘਰ ਜਾਣ ਦੀ ਕਾਹਲੀ ਵਿਚ ਗਰਭਵਤੀ ਔਰਤਾਂ ਦੀ ਸੀ-ਸੈਕਸ਼ਨ ਰਾਹੀਂ ਡਿਲੀਵਰੀ ਕਰਵਾ ਰਹੇ ਹਨ। ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਹ ਸਾਰੇ ਸੀ-ਸੈਕਸ਼ਨ ਆਪ੍ਰੇਸ਼ਨ ਦੁਪਹਿਰ 3 ਵਜੇ ਤੋਂ ਪਹਿਲਾਂ ਹੋਏ ਹਨ, ਉਸ ਮਗਰੋਂ ਇਕ ਵੀ ਆਪ੍ਰੇਸ਼ਨ ਨਹੀਂ ਕੀਤਾ ਗਿਆ। ਭਾਵੇਂ ਡਾਕਟਰ ਦੁਪਹਿਰ 3 ਵਜੇ ਤੋਂ ਬਾਅਦ 'ਆਨ ਕਾਲ' ਡਿਊਟੀ 'ਤੇ ਹੁੰਦੇ ਹਨ, ਫਿਰ ਵੀ ਉਹ ਗਰਭਵਤੀ ਔਰਤਾਂ ਨੂੰ ਦੂਜੇ ਹਸਪਤਾਲਾਂ ਵਿਚ ਰੈਫਰ ਕਰਨ ਨੂੰ ਤਰਜੀਹ ਦਿੰਦੇ ਹਨ। ਸਿਹਤ ਵਿਭਾਗ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਦਿਨ ਦੀ ਸ਼ਿਫਟ ਪੂਰੀ ਕਰਕੇ ਘਰ ਪਰਤਣ ਦੀ ਕਾਹਲੀ ਕਾਰਨ ਡਾਕਟਰਾਂ ਅਤੇ ਸਟਾਫ਼ ਵੱਲੋਂ ਗਰਭਵਤੀ ਔਰਤਾਂ ਦੀ ਸਰਜਰੀ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਬਲੈਕ ਆਊਟ!  2 ਦਿਨ ਤੋਂ ਬਿਜਲੀ ਬੰਦ, ਪੀਣ ਵਾਲੇ ਪਾਣੀ ਨੂੰ ਵੀ ਤਰਸੇ ਲੋਕ

ਲੁਧਿਆਣਾ ਦੇ ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਨੇ ਦੋ ਸਰਕਾਰੀ ਹਸਪਤਾਲਾਂ ਅਤੇ ਕੁਝ ਪ੍ਰਾਈਵੇਟ ਹਸਪਤਾਲਾਂ ਨੂੰ ਨੋਟਿਸ ਭੇਜ ਕੇ ਉਨ੍ਹਾਂ ਵੱਲੋਂ ਕਰਵਾਏ ਗਏ ਸੀ-ਸੈਕਸ਼ਨ ਆਪ੍ਰੇਸ਼ਨਾਂ ਦੀ ਜ਼ਿਆਦਾ ਗਿਣਤੀ ਲਈ ਸਪੱਸ਼ਟੀਕਰਨ ਮੰਗਿਆ ਹੈ। ਖੰਨਾ ਅਤੇ ਸਮਰਾਲਾ ਦੇ ਸਰਕਾਰੀ ਹਸਪਤਾਲਾਂ ਨੂੰ ਜਾਰੀ ਕੀਤੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਦੁਪਹਿਰ 3 ਵਜੇ ਤੋਂ ਬਾਅਦ ਕੋਈ ਵੀ ਸੀ-ਸੈਕਸ਼ਨ ਪ੍ਰਕਿਰਿਆ ਨਹੀਂ ਕੀਤੀ ਜਾ ਰਹੀ ਅਤੇ ਇਸ ਪ੍ਰਕਿਰਿਆ ਦੀ ਲੋੜ ਵਾਲੇ ਜ਼ਿਆਦਾਤਰ ਕੇਸਾਂ ਨੂੰ ਦੂਜੇ ਹਸਪਤਾਲਾਂ ਵਿਚ ਰੈਫਰ ਕੀਤਾ ਜਾ ਰਿਹਾ ਹੈ। ਇਨ੍ਹਾਂ ਹਸਪਤਾਲਾਂ ਦੇ ਸਟਾਫ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।

ਸੂਤਰਾਂ ਮੁਤਾਬਕ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸੀ-ਸੈਕਸ਼ਨ ਦੇ ਕੇਸਾਂ ਦਾ ਰਿਕਾਰਡ ਜਮ੍ਹਾ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਸਿਵਲ ਸਰਜਨ ਦਫਤਰ ਦੁਆਰਾ ਮੈਡੀਕਲ ਆਡਿਟ ਕੀਤਾ ਜਾ ਸਕੇ। ਸਰਕਾਰੀ ਹਸਪਤਾਲਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਆਪਣੇ ਰਿਕਾਰਡ ਜਮ੍ਹਾਂ ਕਰਾਉਣ ਅਤੇ ਸੀ-ਸੈਕਸ਼ਨ ਡਿਲੀਵਰੀ ਦੀ ਜ਼ਿਆਦਾ ਗਿਣਤੀ ਲਈ ਢੁਕਵੇਂ ਕਾਰਨ ਦੱਸਣ ਅਤੇ ਇਹ ਵੀ ਦੱਸਣ ਕਿ ਇਨ੍ਹਾਂ ਹਸਪਤਾਲਾਂ ਵਿਚ ਦੁਪਹਿਰ 3 ਵਜੇ ਤੋਂ ਬਾਅਦ ਕੋਈ ਸੀ-ਸੈਕਸ਼ਨ ਡਿਲੀਵਰੀ ਕਿਉਂ ਨਹੀਂ ਕੀਤੀ ਗਈ।

WHO ਦੀ ਸਿਫ਼ਾਰਸ਼ ਤੋਂ ਕਿਤੇ ਵੱਧ ਹੈ ਗਿਣਤੀ

ਵਿਸ਼ਵ ਸਿਹਤ ਸੰਗਠਨ (WHO) ਸਿਫ਼ਾਰਸ਼ ਕਰਦਾ ਹੈ ਕਿ ਕਿਸੇ ਵੀ ਖੇਤਰ ਵਿਚ ਸੀ-ਸੈਕਸ਼ਨ ਜਣੇਪੇ ਦੀ ਪ੍ਰਤੀਸ਼ਤਤਾ 10-15 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਰ ਇਹ ਫ਼ੀਸਦੀ ਲੁਧਿਆਣਾ ਦੇ ਹਸਪਤਾਲਾਂ ਵਿਚ ਪਿਛਲੇ 1 ਸਾਲ ਵਿਚ ਬਹੁਤ ਜ਼ਿਆਦਾ ਹੈ। ਖੰਨਾ ਸਿਵਲ ਹਸਪਤਾਲ ਵਿਚ ਇਹ ਅੰਕੜਾ 45.20 ਫ਼ੀਸਦੀ ਅਤੇ ਸਮਰਾਲਾ ਦੇ ਸਿਵਲ ਹਸਪਤਾਲ 'ਚ 51.42 ਫ਼ੀਸਦੀ ਹੈ। ਪ੍ਰਾਈਵੇਟ ਹਸਪਤਾਲਾਂ ਦੀ ਸਥਿਤੀ ਵੀ ਬਹੁਤ ਮਾੜੀ ਹੈ। ਮਾਰਚ 2023 ਤੋਂ ਮਾਰਚ 2024 ਦੇ ਵਿਚਕਾਰ, 191 ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਵਿਚੋਂ 5 ਨੇ ਇਸ ਸਮੇਂ ਦੌਰਾਨ ਇਕ ਵੀ ਆਮ ਜਣੇਪਾ ਨਹੀਂ ਕਰਵਾਇਆ। ਉਨ੍ਹਾਂ ਵਿਚੋਂ 52 ਵਿਚ ਸੀ-ਸੈਕਸ਼ਨ ਦੀ ਡਿਲਿਵਰੀ ਦਰ 70 ਤੋਂ 96 ਫ਼ੀਸਦੀ ਤਕ ਵੀ ਹੈ। ਇਹ ਜਗ-ਜ਼ਾਹਿਰ ਹੈ ਕਿ ਪ੍ਰਾਈਵੇਟ ਹਸਪਤਾਲ ਸੀ-ਸੈਕਸ਼ਨ ਦੀ ਪ੍ਰਕਿਰਿਆ ਨੂੰ ਪੈਸਾ ਕਮਾਉਣ ਦੇ ਸਰੋਤ ਵਜੋਂ ਵਰਤਦੇ ਹਨ, ਪਰ ਸਰਕਾਰੀ ਹਸਪਤਾਲਾਂ ਵਿਚ ਜਿੱਥੇ ਕੋਈ ਫੀਸ ਨਹੀਂ ਲਈ ਜਾਂਦੀ, ਉੱਥੇ ਇਹ ਅੰਕੜੇ ਜ਼ਿਆਦਾ ਹੋਣਾ ਹੈਰਾਨੀਜਨਕ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ ਮਗਰੋਂ ਸਿਕੰਦਰ ਸਿੰਘ ਮਲੂਕਾ 'ਤੇ ਡਿੱਗੀ ਗਾਜ! (ਵੀਡੀਓ)

IMA ਨੇ ਜਤਾਈ ਚਿੰਤਾ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਮੁਖੀ ਡਾ: ਸੁਨੀਲ ਕਤਿਆਲ ਨੇ ਕਿਹਾ ਕਿ ਸੀ-ਸੈਕਸ਼ਨ ਪ੍ਰਕਿਰਿਆਵਾਂ ਲਈ ਮੈਡੀਕਲ ਸੂਚਕ ਹੀ ਮਾਪਦੰਡ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੀ-ਸੈਕਸ਼ਨ ਵੱਖ-ਵੱਖ ਕਾਰਨਾਂ ਕਰਕੇ ਕੀਤੇ ਜਾਂਦੇ ਹਨ ਅਤੇ ਵਿੱਤੀ ਪ੍ਰੋਤਸਾਹਨ ਨੂੰ ਧਿਆਨ ਵਿਚ ਰੱਖ ਕੇ ਸੀ-ਸੈਕਸ਼ਨਾਂ ਦੀ ਸਲਾਹ ਦੇਣ ਲਈ ਕੁਝ ਡਾਕਟਰਾਂ ਦੀ ਆਲੋਚਨਾ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੀ-ਸੈਕਸ਼ਨਾਂ ਦੀ ਵਧਦੀ ਗਿਣਤੀ ਚਿੰਤਾਜਨਕ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News