ਡੇਰਾ ਸੱਚਾ ਸੌਦਾ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ, ਹੱਥ ਲੱਗੇ ਅਹਿਮ ਦਸਤਾਵੇਜ਼
Thursday, Aug 31, 2017 - 04:26 PM (IST)

ਪੰਚਕੂਲਾ (ਉਮੰਗ) : ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਪੁਲਸ ਦੇ ਹੱਥ ਡੇਰੇ ਦੇ ਕੁਝ ਦਸਤਾਵੇਜ਼ ਲੱਗੇ ਹਨ, ਜਿਨ੍ਹਾਂ ਤੋਂ ਸੰਕੇਤ ਮਿਲਦਾ ਹੈ ਕਿ ਡੇਰਾ 'ਆਤਮਘਾਤੀ ਦਸਤਾ' ਤਿਆਰ ਕਰ ਰਿਹਾ ਸੀ। ਅਜਿਹਾ ਇਸ ਲਈ ਕੀਤਾ ਜਾ ਰਿਹਾ ਸੀ ਤਾਂ ਜੋ ਰਾਮ ਰਹੀਮ 'ਤੇ ਚੱਲ ਰਹੇ ਕੇਸਾਂ ਨੂੰ ਲੈ ਕੇ ਜਾਂਚ ਏਜੰਸੀਆਂ 'ਤੇ ਦਬਾਅ ਬਣਾਇਆ ਜਾ ਸਕੇ। ਇਕ ਅਖਬਾਰ 'ਚ ਪ੍ਰਕਾਸ਼ਿਤ ਖਬਰ ਮੁਤਾਬਕ ਡੇਰੇ ਦੇ ਪ੍ਰੇਮੀਆਂ 'ਚੋਂ ਇਕ ਇੰਦੂ ਇਨਸਾਨ ਨੇ 20 ਅਕਤੂਬਰ, 2015 ਨੂੰ ਡੇਰੇ ਵਲੋਂ ਦਿੱਤੇ ਗਏ ਹਲਫਨਾਮੇ 'ਚ ਲਿਖਿਆ ਸੀ, ''ਮੈਂ ਆਪਣਾ ਜੀਵਨ ਮਾਨਵਤਾ ਨੂੰ ਸਮਰਪਿਤ ਕਰ ਦਿੱਤਾ ਹੈ। ਮੇਰੇ ਜੀਵਨ ਨੂੰ ਡੇਰਾ ਸੱਚਾ ਸੌਦਾ ਵਲੋਂ ਉਤਸ਼ਾਹਿਤ ਕੀਤਾ ਗਿਆ ਹੈ। ਜੇਕਰ ਮੈਂ ਕਿਸੇ ਘਟਨਾ ਜਾਂ ਕਿਸੇ ਹੋਰ ਕਾਰਨ ਕਰਕੇ ਮੌਤ ਨੂੰ ਪ੍ਰਾਪਤ ਹੁੰਦਾ ਹਾਂ ਤਾਂ ਇਸ ਲਈ ਮੈਂ ਖੁਦ ਜ਼ਿੰਮੇਵਾਰ ਹੋਵਾਂਗਾ। ਕਿਸੇ ਹੋਰ ਨੂੰ ਮੇਰੀ ਮੌਤ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਮੇਰੀ ਪਛਾਣ ਵਾਲਿਆਂ ਜਾਂ ਪਰਿਵਾਰ 'ਚੋਂ ਕਿਸੇ ਨੂੰ ਵੀ ਡੇਰੇ ਨੂੰ ਜ਼ਿੰਮੇਵਾਰ ਦੱਸਣ ਦਾ ਅਧਿਕਾਰ ਨਹੀਂ ਹੋਵੇਗਾ।''
ਸਿਰਸਾ ਦੇ ਰਹਿਣ ਵਾਲੇ ਇੰਦੂ ਉਨ੍ਹਾਂ ਡੇਰਾ ਪ੍ਰੇਮੀਆਂ 'ਚੋਂ ਇਕ ਸੀ, ਜਿਨ੍ਹਾਂ ਨੇ ਸੀ. ਬੀ. ਆਈ। ਵਲੋਂ ਡੇਰਾ ਮੁਖੀ ਰਾਮ ਰਹੀਮ 'ਤੇ ਅਪਰਾਧਿਕ ਮਾਮਲੇ ਚਲਾਏ ਜਾਣ ਦੇ ਬਾਅਧ ਇਸ ਤਰ੍ਹਾਂ ਦੇ ਦਸਤਾਵੇਜ਼ 'ਤੇ ਹਸਤਾਖਰ ਕੀਤੇ ਸਨ। ਸਟੈਂਪ ਪੇਪਰ 'ਤੇ ਬਣੇ ਇਹ ਦਸਤਾਵੇਜ਼ ਰਾਮ ਰਹੀਮ 'ਮਾਨਵਤਾ ਦੀ ਸੇਵਾ ਦੇ ਦੌਰਾਨ' ਆਪਣੇ ਸਾਰੇ ਡੇਰਾ ਪ੍ਰੇਮੀਆਂ ਪ੍ਰਤੀ ਕਿਸੇ ਵੀ ਜ਼ਿੰਮੇਵਾਰੀ ਤੋਂ ਮੁਕਤ ਕਰਦੇ ਹਨ। ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਡੇਰਾ ਪ੍ਰੇਮੀਆਂ ਵਲੋਂ ਅਜਿਹੇ ਸੈਂਕੜੇ ਦਸਤਾਵਜ਼ ਤਿਆਰ ਕੀਤੇ ਗਏ ਸਨ। 25 ਅਗਸਤ ਨੂੰ ਅਦਾਲਤ ਵਲੋਂ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਹ ਦਸਤਾਵੇਜ਼ ਜਨਤਕ ਤੌਰ 'ਤੇ ਸਾਹਮਣੇ ਆਉਣੇ ਸ਼ੁਰੂ ਹੋ ਗਏ।