ਥਾਣੇ ''ਚ 3 ਵਿਅਕਤੀਆਂ ਨੂੰ ਨੰਗਾ ਕਰਨ ਵਾਲੇ SHO ਵਿਰੁੱਧ ਪੁਲਸ ਵਲੋਂ ਕਾਰਵਾਈ ਸ਼ੁਰੂ

04/19/2020 1:21:24 AM

ਚੰਡੀਗੜ•: ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਐਸ. ਐਚ. ਓ ਖੰਨਾ, ਇੰਸਪੈਕਟਰ ਬਲਜਿੰਦਰ ਸਿੰਘ ਵਿਰੁੱਧ ਵਿਭਾਗੀ ਕਾਰਵਾਈ ਵਿੱਢ ਦਿੱਤੀ ਹੈ ਅਤੇ ਉਕਤ ਅਧਿਕਾਰੀ ਦੇ ਤੁਰੰਤ ਤਬਾਦਲੇ ਦੇ ਆਦੇਸ਼ ਦਿੱਤੇ ਹਨ। ਬਲਜਿੰਦਰ ਸਿੰਘ ਵਿਰੁੱਧ ਆਪਣੇ ਥਾਣੇ 'ਚ ਤਿੰਨ ਵਿਅਕਤੀਆਂ ਨੂੰ ਕਥਿਤ ਤੌਰ 'ਤੇ ਨੰਗਾ ਕਰਨ ਦੇ ਇਲਜ਼ਾਮ ਲੱਗੇ ਸਨ। ਡੀ. ਜੀ. ਪੀ. ਦਿਨਕਰ ਗੁਪਤਾ ਦੇ ਆਦੇਸ਼ਾਂ ਪਿੱਛੋਂ ਲੁਧਿਆਣਾ ਰੇਂਜ ਦੇ ਆਈ. ਜੀ. ਪੀ. ਜਸਕਰਨ ਸਿੰਘ ਵੱਲੋਂ ਕੀਤੀ ਮੁੱਢਲੀ ਜਾਂਚ ਤੋਂ ਬਾਅਦ ਐਸ. ਐਚ. ਓ. ਵਿਰੁੱਧ ਦੋਸ਼ਾਂ ਨੂੰ ਸਹੀ ਪਾਇਆ ਗਿਆ।

ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਐਸ.ਐਚ.ਓ. ਬਲਜਿੰਦਰ ਸਿੰਘ (267 / ਪੀ.ਆਰ.) ਨੂੰ ਤੁਰੰਤ ਪ੍ਰਭਾਵ ਨਾਲ ਲੁਧਿਆਣਾ ਰੇਂਜ (ਪੁਲਿਸ ਜ਼ਿਲਾ ਖੰਨਾ) ਤੋਂ ਫਿਰੋਜ਼ਪੁਰ ਰੇਂਜ ਵਿਖੇ ਬਦਲ ਦਿੱਤਾ ਗਿਆ ਹੈ। ਉਕਤ ਖਿਲਾਫ ਬਾਕਾਇਦਾ ਵਿਭਾਗੀ ਜਾਂਚ ਵੀ ਆਰੰਭੀ ਗਈ ਹੈ ਅਤੇ ਇਸਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਕੋਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਡੀ. ਜੀ. ਪੀ. ਨੇ ਦੁਹਰਾਉਂਦਿਆਂ ਕਿਹਾ ਕਿ ਫੋਰਸ ਨੇ ਅਜਿਹੀਆਂ ਘਟਨਾਵਾਂ ਪ੍ਰਤੀ ਜ਼ੀਰੋ ਟਾਲਰੈਂਸ ਰੱਖੀ ਹੈ ਅਤੇ ਅਜਿਹੀਆਂ ਬੇਨਿਯਮੀਆਂ ਨੂੰ ਕਿਸੇ ਵੀ ਹਾਲਾਤ ਵਿੱਚ ਮੁਆਫ਼ ਨਹੀਂ ਕੀਤਾ ਜਾਵੇਗਾ। ਗੁਪਤਾ ਅਨੁਸਾਰ ਮੁੱਢਲੀ ਜਾਂਚ ਦੌਰਾਨ ਆਈ. ਜੀ. ਪੀ ਲੁਧਿਆਣਾ ਰੇਂਜ ਨੇ ਸ਼ਿਕਾਇਤਕਰਤਾ ਦੇ ਦੋਸ਼ਾਂ ਦੀ ਪੈਰਵੀ ਕੀਤੀ ਅਤੇ  ਐਸ. ਐਚ. ਓ. ਵਿਰੁੱਧ ਥਾਣਾ ਸਦਰ ਖੰਨਾ ਵਿਖੇ ਦਰਜ ਆਈ. ਪੀ. ਸੀ. ਦੀ ਧਾਰਾ 447/511/379/506/34 ਤਹਿਤ ਦਰਜ ਐਫ. ਆਈ. ਆਰ ਨੰਬਰ 134 ਮਿਤੀ 13.06.2019 ਦੀ ਪੜਤਾਲ ਅਤੇ ਜਾਂਚ ਵੀ ਕੀਤੀ।

ਜ਼ਿਕਰਯੋਗ ਹੈ ਕਿ ਡੀਜੀਪੀ ਵਲੋਂ 16 ਅਪ੍ਰੈਲ ਨੂੰ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਵੀਡੀਓ-ਕਲਿੱਪ ਵਾਇਰਲ ਹੋਣ ਤੋਂ ਬਾਅਦ ਆਈ. ਜੀ. ਪੀ. ਜਸਕਰਨ ਸਿੰਘ ਨੂੰ ਤੱਥਾਂ ਤੇ ਅਧਾਰਤ ਜਾਂਚ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਸੀ।
 


Deepak Kumar

Content Editor

Related News