ਸ਼ਿਵਪੁਰੀ ਕਾਲੀ ਸੜਕ ''ਤੇ ਡਿੱਗਿਆ ਟ੍ਰਾਂਸਫਾਰਮਰ
Monday, Apr 30, 2018 - 06:34 AM (IST)

ਲੁਧਿਆਣਾ, (ਸਲੂਜਾ)- ਸ਼ਿਵਪੁਰੀ ਕਾਲੀ ਸੜਕ ਰੋਡ 'ਤੇ ਇਕ ਬਿਜਲੀ ਦੇ ਟ੍ਰਾਂਸਫਾਰਮਰ ਦੇ ਬਿਜਲੀ ਦੀਆਂ ਤਾਰਾਂ ਸਮੇਤ ਡਿੱਗਣ ਕਾਰਨ ਇਲਾਕੇ ਭਰ ਵਿਚ ਬਲੈਕ ਆਊਟ ਹੋ ਗਿਆ। ਬਿਨਾਂ ਬਿਜਲੀ ਅਤੇ ਪਾਣੀ ਦੇ ਇਲਾਕਾ ਨਿਵਾਸੀਆਂ ਦੇ ਪਸੀਨੇ ਛੁਟ ਗਏ।
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਟ੍ਰਾਂਸਫਾਰਮਰ ਤੋਂ ਤੇਲ ਨਿਕਲ ਕੇ ਸੜਕ 'ਤੇ ਵਹਿ ਗਿਆ ਅਤੇ ਬਿਜਲੀ ਦੀਆਂ ਤਾਰਾਂ ਟੁੱਟ ਕੇ ਸੜਕ 'ਤੇ ਖਿੱਲਰੀਆਂ ਪਈਆਂ ਹਨ। ਇਸ ਸਬੰਧੀ ਸਬੰਧਤ ਪਾਵਰਕਾਮ ਦਫਤਰ ਨੂੰ ਸੂਚਿਤ ਕਰ ਦਿੱਤਾ ਗਿਆ। ਇਲਾਕਾ ਨਿਵਾਸੀ ਰਾਜੀਵ ਟੰਡਨ ਨੇ ਦੋਸ਼ ਲਾਇਆ ਕਿ ਇਸ ਗਰਮੀ ਦੇ ਮੌਸਮ ਵਿਚ ਬਿਜਲੀ ਵਿਭਾਗ ਨੂੰ ਬਿਨਾਂ ਕਿਸੇ ਦੇਰ ਦੇ ਹਰਕਤ ਵਿਚ ਆਉਂਦੇ ਹੋਏ ਡਿੱਗੇ ਹੋਏ ਟ੍ਰਾਂਸਫਾਰਮਰ ਨੂੰ ਸ਼ਿਫਟ ਕਰਕੇ ਨਵਾਂ ਲਾਉਣਾ ਚਾਹੀਦਾ ਸੀ। ਸੜਕ 'ਤੇ ਡਿੱਗੇ ਪਏ ਟ੍ਰਾਂਸਫਾਰਮਰ ਤੋਂ ਨਿਕਲਿਆ ਤੇਲ ਡਿਗੀਆਂ ਬਿਜਲੀ ਦੀਆਂ ਤਾਰਾਂ ਕਿਸੇ ਵੀ ਰਾਹਗੀਰ ਲਈ ਮਾਰੂ ਸਾਬਤ ਹੋ ਸਕਦੀਆਂ ਹਨ। ਇਸ ਸਮੇਂ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਜਨਰੇਟਰ ਸੈੱਟ ਅਤੇ ਇਨਵਰਟਰਾਂ ਦਾ ਹੀ ਸਹਾਰਾ ਲੈਣ ਪੈ ਰਿਹਾ ਹੈ ਪਰ ਲਗਾਤਾਰ ਬਿਜਲੀ ਗੁਲ ਰਹਿਣ ਨਾਲ ਜਨਰੇਟਰ ਅਤੇ ਇਨਵਰਟਰ ਵੀ ਜਵਾਬ ਦੇ ਗਏ ਹਨ। ਉਨ੍ਹਾਂ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਇਲਾਕੇ ਦੇ ਪਾਵਰ ਸਪਲਾਈ ਸਿਸਟਮ ਨੂੰ ਅਪਗ੍ਰੇਡ ਕਰਦੇ ਹੋਏ ਖਸਤਾ ਹਾਲਤ ਵਿਚ ਟ੍ਰਾਂਸਫਾਰਮਰ ਤੇ ਬਿਜਲੀ ਲਾਈਨਾਂ ਨੂੰ ਬਦਲਿਆ ਜਾਵੇ ਤਾਂ ਕਿ ਇਲਾਕਾ ਨਿਵਾਸੀ ਚੈਨ ਨਾਲ ਰਹਿ ਸਕਣ।
ਅਣਪਛਾਤੇ ਵਾਹਨ ਚਾਲਕ ਨੇ ਦਰਜ ਕਰਵਾਈ ਸ਼ਿਕਾਇਤ
ਇਸ ਕੇਸ ਸਬੰਧੀ ਜਦੋਂ ਪਾਵਰਕਾਮ ਦੀ ਸੁੰਦਰ ਨਗਰ ਡਵੀਜ਼ਨ ਦੇ ਐਕਸੀਅਨ ਰਾਮਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਘਟਨਾ ਅੱਜ ਦੇਰ ਰਾਤ 3 ਵਜੇ ਦੀ ਹੈ। ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਇਕ ਅਣਪਛਾਤੇ ਵਾਹਨ ਦੇ ਇਸ ਟ੍ਰਾਂਸਫਾਰਮਰ ਨਾਲ ਟਕਰਾਉਣ ਨਾਲ ਇਹ ਟ੍ਰਾਂਸਫਾਰਮਰ ਸੜਕ 'ਤੇ ਆ ਡਿੱਗਾ। ਅਣਪਛਾਤੇ ਵਾਹਨ ਚਾਲਕ ਖਿਲਾਫ ਸਬੰਧਤ ਪੁਲਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਜਿੱਥੋਂ ਤਕ ਬਿਜਲੀ ਬੰਦ ਦਾ ਸਵਾਲ ਹੈ, ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਹੈ। ਰਿਹਾਇਸ਼ੀ ਇਲਾਕਿਆਂ ਦੀ ਤਾਂ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ ਹੈ, ਜੋ ਕਾਰੋਬਾਰੀ ਇਲਾਕਾ ਹੈ, ਉੱਥੋਂ ਦੀ ਬਿਜਲੀ ਸਵੇਰ ਤਕ ਆ ਜਾਵੇਗੀ।