ਸ਼ਿਵ ਸੈਨਾ ਯੁਵਾ ਪੰਜਾਬ ਦੇ ਪ੍ਰਧਾਨ ਤੇ ਸਾਥੀਆਂ ਵਿਰੁੱਧ ਮਾਮਲਾ ਦਰਜ, ਦੋ ਗ੍ਰਿਫਤਾਰ

Wednesday, Aug 29, 2018 - 07:02 AM (IST)

ਸ਼ਿਵ ਸੈਨਾ ਯੁਵਾ ਪੰਜਾਬ ਦੇ ਪ੍ਰਧਾਨ ਤੇ ਸਾਥੀਆਂ ਵਿਰੁੱਧ ਮਾਮਲਾ ਦਰਜ, ਦੋ ਗ੍ਰਿਫਤਾਰ

ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)– ਗੁਰੂ ਸਾਹਿਬਾਨ ਦੀ ਤਸਵੀਰ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਚਰਚਾ ਵਿਚ ਰਿਹਾ ਸ਼ਿਵ ਸੈਨਾ ਯੁਵਾ ਦਾ ਸੂਬਾ ਪ੍ਰਧਾਨ ਇਕ ਵਾਰ ਫਿਰ ਸਿੱਖ ਭਾਈਚਾਰੇ ਦੇ ਵਿਰੁੱਧ  ਇਤਰਾਜ਼ਯੋਗ ਸ਼ਬਦਾਵਲੀ  ਵਰਤਣ ਕਾਰਨ ਸੁਰਖੀਆਂ ਵਿਚ ਆ ਗਿਆ ਹੈ। ਹਿੰਦੂ ਤਖਤ ਤੇ ਸ਼ਿਵ ਸੈਨਾ ਯੁਵਾ ਦੇ ਸੂਬਾ ਪ੍ਰਧਾਨ ਅਮਿਤ ਸ਼ਰਮਾ ਵਲੋਂ ਫੇਸਬੁੱਕ ਤੇ ਸੋਸ਼ਲ ਮੀਡੀਆ ’ਤੇ ਅੱਪਲੋਡ ਕੀਤੀ ਗਈ  ਇਤਰਾਜ਼ਯੋਗ ਵੀਡੀਓ ਕਾਰਨ ਖਰਡ਼ ਸਿਟੀ ਪੁਲਸ ਨੇ ਇਸ ਮਾਮਲੇ ਵਿਚ ਅਮਿਤ ਸ਼ਰਮਾ, ਗੁਰਪ੍ਰੀਤ ਸਿੰਘ ਲਾਡੀ, ਨਵਦੀਪ ਠਾਕੁਰ ਮਨਕੋਟੀਆ, ਪ੍ਰਦੀਪ ਸ਼ਰਮਾ ਤੇ ਰਵਿੰਦਰ ਸ਼ਰਮਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
 ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕੇਵਲ ਸਿੰਘ ਦੀ ਸ਼ਿਕਾਇਤ ਮੁਤਾਬਕ ਜਦੋਂ ਉਹ ਖਰਡ਼ ਬੱਸ ਅੱਡੇ ’ਤੇ ਮੌਜੂਦ ਸੀ ਤਾਂ ਉਨ੍ਹਾਂ ਨੂੰ  ਸੂਚਨਾ ਮਿਲੀ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਅਮਿਤ ਸ਼ਰਮਾ ਜੋ ਕਿ ਯੁਵਾ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਹੈ, ਨੇ ਸਿੱਖ ਭਾਈਚਾਰੇ ਖਿਲਾਫ ਕਾਫੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੋਈ ਹੈ। ਜਦੋਂ ਏ. ਐੱਸ. ਆਈ. ਨੇ ਖੁਦ ਫੇਸਬੁੱਕ ’ਤੇ ਉਕਤ ਵੀਡੀਓ ਨੂੰ ਦੇਖਿਆ ਤਾਂ  ਅਮਿਤ ਸ਼ਰਮਾ ਸਿੱਖ ਭਾਈਚਾਰੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕਰ ਕੇ ਸਿੱਖ ਭਾਈਚਾਰੇ ਨੂੰ ਭਾਰੀ ਠੇਸ ਪਹੁੰਚਾ ਰਿਹਾ ਸੀ। 
ਅਜਿਹੀਆਂ ਵੀਡਿਓ ਨਾਲ ਸੂਬੇ ’ਚ ਹਿੰਦੂ ਤੇ ਸਿੱਖ ਭਾਈਚਾਰੇ ਵਿਚ ਦੰਗੇ ਵੀ ਭਡ਼ਕ ਸਕਦੇ ਹਨ, ਜਿਸ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਤਾਂ  ਸਿਟੀ ਪੁਲਸ ਨੇ ਇਸ ਮਾਮਲੇ ਵਿਚ ਦੋ ਦੋਸ਼ੀਆਂ ਨਵਦੀਪ ਠਾਕੁਰ ਮਨਕੋਟੀਆ ਤੇ ਪ੍ਰਦੀਪ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਅੱਜ ਖਰਡ਼ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਕਿ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜਣ ਦੇ ਹੁਕਮ ਸੁਣਾਏ ਹਨ। ਪੁਲਸ ਬਾਕੀ ਦੋਸ਼ੀਆਂ ਦੀ ਤੇਜ਼ੀ ਨਾਲ ਭਾਲ ਕਰ ਰਹੀ ਹੈ।


Related News