ਦਲਿਤ ਤੇ ਜਨਰਲ ਸਮਾਜ ਆਪਸੀ ਭਾਈਚਾਰੇ ਤੇ ਅਮਨ-ਸ਼ਾਂਤੀ ਨੂੰ ਪਹਿਲ ਦੇਣ : ਕਟਾਰੀਆ

04/26/2018 4:06:35 PM

ਕਪੂਰਥਲਾ (ਜ. ਬ.)— ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ 13 ਅਪ੍ਰੈਲ ਨੂੰ ਫਗਵਾੜਾ 'ਚ ਗੋਲ ਚੌਕ ਦਾ ਨਾਂ ਬਦਲਣ ਨੂੰ ਲੈ ਕੇ ਦਲਿਤ ਤੇ ਜਨਰਲ ਸਮਾਜ ਦੇ ਕੁਝ ਲੋਕਾਂ ਦੇ 'ਚ ਹੋਏ ਕਥਿਤ ਖੂਨੀ ਸੰਘਰਸ਼, ਇਸ ਦੌਰਾਨ 4 ਹਿੰਦੂ ਆਗੂਆਂ ਦੀ ਗ੍ਰਿਫਤਾਰੀ ਕਰਨ, ਅੱਜ ਤੱਕ ਆਪਸੀ ਤਣਾਅ ਦੇ ਜਾਰੀ ਰਹਿਣ ਅਤੇ ਇਸ ਸਬੰਧੀ ਕੁਝ ਕਥਿਤ ਸਿਆਸੀ ਤੇ ਧਾਰਮਿਕ ਸੰਗਠਨਾਂ ਅਤੇ ਉਸ ਦੇ ਕੁਝ ਆਗੂਆਂ ਵੱਲੋਂ ਤੱਥਹੀਣ, ਦਿਸ਼ਾਹੀਣ, ਆਧਾਰਹੀਣ ਅਤੇ ਭੜਕਾਉਣ ਵਾਲੀ ਭੂਮਿਕਾ ਨਿਭਾਉਣ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੱਤਾ ਹੈ।
ਦਲਿਤ ਅਤੇ ਜਨਰਲ ਸਮਾਜ ਨੂੰ ਆਪਸ 'ਚ ਆਪਣੀ-ਆਪਣੀ ਤਾਕਤ ਦਿਖਾਉਣ ਦੀ ਬਜਾਏ, 'ਆਓ ਮਿਲ ਬੈਠੀਏ' ਦੀ ਮੁਹਿੰਮ ਚਲਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਸਭ ਤੋਂ ਵੱਧ ਲਾਭ ਸ਼ਰਾਰਤੀ, ਦੇਸ਼ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਸਿਰ ਫਿਰੇ ਲੋਕਾਂ ਨੂੰ ਮਿਲਦਾ ਹੈ। ਸਾਰਿਆਂ ਨੂੰ ਉਕਤ ਘਟਨਾ ਨੂੰ ਸਿਆਸੀ, ਧਾਰਮਿਕ ਤੇ ਜਾਤੀ ਰੰਗ ਦੇਣ ਵਾਲਿਆਂ ਤੋਂ ਸਿਰਫ ਬਚਣਾ ਹੀ ਨਹੀਂ, ਸਗੋਂ ਸਾਵਧਾਨ ਵੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਤੇ ਜਨਰਲ ਸਮਾਜ ਦੇ ਕਿਸੇ ਵੀ ਆਗੂ ਨੂੰ ਅਜਿਹੀ ਬਿਆਨਬਾਜ਼ੀ ਅਤੇ ਰੋਸ ਮੁਜ਼ਾਹਰੇ ਨਹੀਂ ਕਰਨੇ ਚਾਹੀਦੇ, ਜਿਸ ਨਾਲ ਦਲਿਤ ਸਮਾਜ ਅਤੇ ਜਨਰਲ ਸਮਾਜ ਦੇ ਆਪਸੀ ਭਾਈਚਾਰੇ, ਸਾਂਝ ਅਤੇ ਪਿਆਰ ਦੀਆਂ ਜੜ੍ਹਾਂ ਕਮਜ਼ੋਰ ਹੋਣ, ਲੋਕਾਂ ਦੇ ਕਾਰੋਬਾਰ 'ਤੇ ਮਾੜਾ ਪ੍ਰਭਾਵ ਪਵੇ ਤੇ ਸਿਰਫ ਫਗਵਾੜਾ ਦੀ ਹੀ ਨਹੀਂ, ਪੰਜਾਬ ਦੀ ਅਮਨ-ਸ਼ਾਂਤੀ 'ਤੇ ਵੀ ਮਾੜਾ ਅਸਰ ਨਾ ਪਵੇ। 
ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੂੰ ਸ਼ਰਾਰਤੀ ਅਨਸਰ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਦਲਿਤ ਤੇ ਜਨਰਲ ਸਮਾਜ ਨੂੰ ਨਿੱਜੀ ਸੁਆਰਥਾਂ ਨੂੰ ਤੁਰੰਤ ਤਿਆਗ ਕੇ ਆਪਸੀ ਭਾਈਚਾਰੇ ਅਤੇ ਅਮਨ-ਸ਼ਾਂਤੀ ਨੂੰ ਪਹਿਲ ਦੇਣੀ ਚਾਹੀਦੀ ਹੈ। ਪੁਲਸ ਵੱਲੋਂ ਉਕਤ ਘਟਨਾ ਨੂੰ ਲੈ ਕੇ ਦਲਿਤ ਤੇ ਜਨਰਲ ਸਮਾਜ ਦੇ ਕੁਝ ਲੋਕਾਂ ਵਿਰੁੱਧ ਦਰਜ ਕੀਤੇ ਗਏ ਮਾਮਲਿਆਂ 'ਚ ਕਿਸੇ ਵੀ ਨਿਰਦੋਸ਼ ਦਾ ਫਸਣਾ ਬਹੁਤ ਹੀ ਬੇਇਨਸਾਫੀ ਦੀ ਗੱਲ ਹੋਵੇਗਾ। ਜਗਦੀਸ਼ ਕਟਾਰੀਆ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਤੋਂ ਮੰਗ ਕੀਤੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਹਿੰਦੂ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਜੋ ਉਕਤ ਕਥਿਤ ਖੂਨੀ ਸੰਘਰਸ਼ 'ਚ ਜ਼ਖਮੀ ਹੋਏ ਹਨ, ਚਾਹੇ ਉਹ ਦਲਿਤ ਸਮਾਜ ਦੇ ਹੋਣ ਜਾਂ ਜਨਰਲ ਸਮਾਜ ਦੇ, ਉਨ੍ਹਾਂ ਦਾ ਫ੍ਰੀ ਅਤੇ ਵਧੀਆ ਹਸਪਤਾਲਾਂ ਤੋਂ ਇਲਾਜ ਕਰਵਾਇਆ ਜਾਵੇ। ਇਸ ਮੌਕੇ ਸ਼ਿਵ ਸੈਨਾ ਆਗੂ ਰਾਜੇਸ਼ ਕਨੌਜੀਆ (ਸ਼ੇਖੂਪੁਰ) ਵੀ ਹਾਜ਼ਰ ਸਨ।
 


Related News