ਸ਼ਿਵ ਸੈਨਾ ਦੇ ਆਗੂ ਥਾਣੇ ''ਚ ਭਿੜੇ

Saturday, Mar 24, 2018 - 02:19 AM (IST)

ਸ਼ਿਵ ਸੈਨਾ ਦੇ ਆਗੂ ਥਾਣੇ ''ਚ ਭਿੜੇ

ਗੁਰਦਾਸਪੁਰ, (ਦੀਪਕ)- ਅੱਜ ਗੁਰਦਾਸਪੁਰ ਸਿਟੀ ਥਾਣਾ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਮੁੱਖ ਹਰਵਿੰਦਰ ਸੋਨੀ ਅਤੇ ਸ਼ਿਵ ਸੈਨਾ ਪੰਜਾਬ ਦੇ ਜ਼ਿਲਾ ਪ੍ਰਧਾਨ ਪ੍ਰਦੀਪ ਸ਼ਰਮਾ (ਪੀਚੀ) ਇਕ ਦੂਜੇ ਨਾਲ ਉਲਝ ਪਏ। ਮਾਮਲਾ ਇੰਨਾ ਗਰਮਾ ਗਿਆ ਕਿ ਦੋਵੇਂ ਇਕ ਦੂਜੇ ਨੂੰ ਮਾਰਨ ਤੱਕ ਉਤਾਰੂ ਹੋ ਗਏ। ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਪੁਲਸ ਦੇ ਹੱਥ ਪੈਰ ਫੁੱਲ ਗਏ। ਪੁਲਸ ਨੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਵੱਖ-ਵੱਖ ਕੀਤਾ ਜਿਸ ਤੋਂ ਬਾਅਦ ਦੋਵਾਂ ਨੇ ਥਾਣੇ ਵਿਚ ਹੀ ਇਕ ਦੂਜੇ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਮਾਹੌਲ ਖਰਾਬ ਕਰਨ ਵਾਲੇ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ : ਸ਼ਾਮ ਲਾਲ
ਇਸ ਸਬੰਧੀ ਜਦ ਥਾਣਾ ਸਿਟੀ ਦੇ ਮੁਖੀ ਸ਼ਾਮ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰੇ ਭਾਈਚਾਰੇ ਦੇ ਲੋਕ ਇਕ ਹਨ। ਇਸੇ ਮੁੱਦੇ ਨੂੰ ਲੈ ਕੇ ਉਹ ਅੱਜ ਥਾਣੇ ਵਿਚ ਆਏ ਸੀ, ਜਿਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਹੋਏ ਦੁਕਾਨ ਨੂੰ ਬੰਦ ਕਰਵਾ ਦਿੱਤਾ ਅਤੇ ਦੋਵਾਂ ਸ਼ਿਵ ਸੈਨਾ ਦੇ ਨੇਤਾਵਾਂ ਨੂੰ ਸਝਾ ਕੇ ਵਾਪਸ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਕੀ ਹੈ ਮਾਮਲਾ?
ਜ਼ਿਕਰਯੋਗ ਹੈ ਕਿ ਬੀਤੇ ਦੋ ਦਿਨ ਪਹਿਲਾਂ ਮੁਸਲਮ ਭਾਈਚਾਰੇ ਦੇ ਲੋਕਾਂ ਵੱਲੋਂ ਹਿੰਦੂ ਦੇਵੀ-ਦੇਵਤਿਆਂ ਅਤੇ ਸਿੱਖਾਂ ਦੇ ਗੁਰੂਆਂ ਦੇ ਪੋਸਟਰਾਂ ਨੂੰ ਦੁਕਾਨ ਦੀ ਸਫਾਈ ਕਰਦੇ ਸਮੇਂ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ ਸੀ ਜਿਸ ਤੋਂ ਬਾਅਦ ਪੁਲਸ ਨੇ ਸੱਤ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਸੀ। ਇਸ ਸਬੰਧੀ ਪੁਲਸ ਦੋ ਨੂੰ ਤਾਂ ਗ੍ਰਿਫਤਾਰ ਕਰ ਚੁੱਕੀ ਹੈ ਪਰ ਬਾਕੀ ਪੰਜ ਅਜੇ ਵੀ ਫਰਾਰ ਚੱਲ ਰਹੇ ਹਨ। 
ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਉਦੋਂ ਸਾਰੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਪੁਲਸ ਤੋਂ ਭਰੋਸਾ ਲਿਆ ਸੀ ਕਿ ਜਦ ਤਕ ਸਾਰੇ ਪ੍ਰਵਾਸੀਆਂ ਦੀ ਥਾਣਾ ਵਿਚ ਰਜਿਸਟ੍ਰੇਸ਼ਨ ਨਹੀਂ ਹੋਵੇਗੀ, ਉਦੋਂ ਤਕ ਕਿਸੇ ਵੀ ਪ੍ਰਵਾਸੀ ਦੀ ਦੁਕਾਨ ਖੁੱਲ੍ਹਣ ਨਹੀਂ ਦੇਵਾਂਗੇ ਪਰ ਅੱਜ ਸ਼ਿਵ ਸੈਨਾ ਪੰਜਾਬ ਦੇ ਜ਼ਿਲਾ ਪ੍ਰਧਾਨ ਪ੍ਰਦੀਪ ਸ਼ਰਮਾ ਪੀਚੀ ਨੇ ਪ੍ਰਵਾਸੀ ਤਨਵੀਰ ਨਾਂ ਦੇ ਵਿਅਕਤੀ ਦੀ ਦੁਕਾਨ ਖੁੱਲਵਾ ਦਿੱਤੀ ਜਿਸ ਦਾ ਬਾਕੀ ਹਿੰਦੂ ਸਮੂਦਾਏ ਦੇ ਸੰਗਠਨਾਂ ਦੇ ਨੇਤਾਵਾਂ ਨੇ ਵਿਰੋਧ ਕੀਤਾ ਅਤੇ ਉਸ ਦੀ ਦੁਕਾਨ ਬੰਦ ਕਰਵਾ ਦਿੱਤੀ।
ਇਸ ਸਬੰਧੀ ਰਿਪੋਰਟ ਦਰਜ ਕਰਵਾਉਣ ਲਈ ਸਾਰੇ ਹਿੰਦੂ ਸੰਗਠਨਾਂ ਦੇ ਨੇਤਾ ਥਾਣਾ ਸਿਟੀ ਵਿਚ ਇਕੱਠੇ ਹੋਏ। ਜਦ ਇਸ ਮਾਮਲੇ ਸਬੰਧੀ ਸ਼ਿਵ ਸੈਨਾ ਬਾਲ ਠਾਕਰੇ ਦੇ ਉਪ ਪ੍ਰਮੁੱਖ ਸੋਨੀ ਪੁਲਸ ਦੇ ਸਬ ਇੰਸਪੈਕਟਰ ਮੱਖਣ ਸਿੰਘ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਥੇ ਅਚਾਨਕ ਸ਼ਿਵ ਸੈਨਾ ਪੰਜਾਬ ਦੇ ਜ਼ਿਲਾ ਪ੍ਰਧਾਨ ਪ੍ਰਦੀਪ ਪੀਚੀ ਆ ਗਏ ਅਤੇ ਆਉਂਦੇ ਹੀ ਸੋਨੀ ਨਾਲ ਉਲਝਣ ਲੱਗੇ ਅਤੇ ਕਹਿਣ ਲੱਗੇ ਕਿ ਉਹ ਮੇਰੇ 'ਤੇ ਝੂਠਾ ਦੋਸ਼ ਲਾ ਰਿਹਾ ਹੈ ਕਿ ਮੈਂ ਪ੍ਰਵਾਸੀ ਤਨਵੀਰ ਤੋਂ ਪੈਸੇ ਲੈ ਕੇ ਉਸ ਦੀ ਦੁਕਾਨ ਖੁੱਲ੍ਹਵਾਈ ਹੈ ਜਿਸ ਤੋਂ ਬਾਅਦ ਦੋਵੇਂ ਆਪਸ ਵਿਚ ਉਲਝਦੇ ਹੋਏ ਇਕ ਦੂਜੇ ਨੂੰ ਗਾਲਾਂ ਕੱਢਣ ਲੱਗੇ ਅਤੇ ਝਗੜਨ ਲੱਗ ਪਏ।
ਕੀ ਕਹਿੰਦੇ ਹਨ ਪ੍ਰਦੀਪ ਸ਼ਰਮਾ ਪੀਚੀ?
ਇਸ ਸਬੰਧੀ ਜਦ ਸ਼ਿਵ ਸੈਨਾ ਪੰਜਾਬ ਦੇ ਜ਼ਿਲਾ ਪ੍ਰਧਾਨ ਪ੍ਰਦੀਪ ਸ਼ਰਮਾ ਪੀਚੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਪੁਲਸ ਪ੍ਰਸ਼ਾਸਨ ਨਾਲ ਗੱਲ ਕਰ ਕੇ ਪ੍ਰਵਾਸੀ ਤਨਵੀਰ ਦੀ ਦੁਕਾਨ ਖੁੱਲ੍ਹਵਾਈ ਸੀ। ਮੇਰੇ ਉੱਪਰ ਇਨ੍ਹਾਂ ਨੇ ਝੂਠਾ ਦੋਸ਼ ਲਾਇਆ ਹੈ ਕਿ ਮੈਂ ਇਸ ਤੋਂ ਪੈਸੇ ਲੈ ਕੇ ਇਸ ਦੀ ਦੁਕਾਨ ਖੁੱਲ੍ਹਵਾਈ ਹੈ ਜਿਸ ਨੂੰ ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ।
ਕੀ ਕਹਿਣਾ ਹੈ ਹਰਵਿੰਦਰ ਸੋਨੀ ਦਾ?
ਇਸ ਸਬੰਧੀ ਸ਼ਿਵ ਸੈਨਾ ਬਾਲ ਠਾਕਰੇ ਦੇ ਉਪ ਪ੍ਰਮੁੱਖ ਹਰਵਿੰਦਰ ਸੋਨੀ ਦੀ ਕਹਿਣਾ ਹੇ ਕਿ ਉਹ ਸਾਰੇ ਹਿੰਦੂ ਸੰਗਠਨ ਇਕੱਠੇ ਹੋਏ ਹਨ। ਮੁਸਲਮ ਲੋਕਾਂ ਵੱਲੋਂ ਹਿੰਦੂ ਦੇਵੀ -ਦੇਵਤਿਆਂ ਦੀ ਕੀਤੀ ਗਈ ਬੇਅਦਬੀ ਦੇ ਖਿਲਾਫ ਇਕੱਠੇ ਹੋ ਕੇ ਲੜ ਰਹੇ ਹਾਂ। ਅਸੀਂ ਪੁਲਸ ਤੋਂ ਭਰੋਸਾ ਲਿਆ ਸੀ ਕਿ ਜਦ ਤੱਕ ਸਾਰੇ ਪ੍ਰਵਾਸੀਆਂ ਦੀ ਥਾਣੇ ਵਿਚ ਰਜਿਸਟ੍ਰੇਸ਼ਨ ਨਹੀਂ ਹੋਵੇਗੀ, ਉਦੋਂ ਤਕ ਕਿਸੇ ਵੀ ਪ੍ਰਵਾਸੀ ਦੀ ਦੁਕਾਨ ਖੁੱਲ੍ਹਣ ਨਹੀਂ ਦੇਵਾਂਗੇ ਪਰ ਅੱਜ ਸ਼ਿਵ ਸੈਨਾ ਪੰਜਾਬ ਦੇ ਜ਼ਿਲਾ ਪ੍ਰਧਾਨ ਨੇ ਸਾਡੇ ਸਾਰਿਆਂ ਦੇ ਖਿਲਾਫ ਜਾ ਕੇ ਦੁਕਾਨ ਨੂੰ ਖੁੱਲ੍ਹਵਾਇਆ ਹੈ, ਜਿਸ ਨੂੰ ਸਾਰੇ ਹਿੰਦੂ ਸੰਗਠਨ ਬਰਦਾਸ਼ਤ ਨਹੀਂ ਕਰਨਗੇ।


Related News