ਨਾਜਾਇਜ਼ ਕਾਲੋਨੀਆਂ ਖਿਲਾਫ ਸ਼ਿਵ ਸੈਨਾ ਹਿੰਦ ਨੇ ਸ਼ੁਰੂ ਕੀਤਾ ਆਪਰੇਸ਼ਨ ''ਗੰਗਾਜਲ''

11/18/2017 1:03:09 PM

ਜਲੰਧਰ (ਪੁਨੀਤ)— ਨਾਜਾਇਜ਼ ਕਾਲੋਨੀਆਂ ਦੇ ਖਿਲਾਫ ਸ਼ਿਵ ਸੈਨਾ ਹਿੰਦ ਨੇ ਮੋਰਚਾ ਖੋਲ੍ਹਦੇ ਹੋਏ ਆਪਰੇਸ਼ਨ 'ਗੰਗਾਜਲ' ਸ਼ੁਰੂ ਕਰਦੇ ਹੋਏ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਕਰਨ ਦੀ ਮੰਗ ਰੱਖੀ ਹੈ। ਯੁਵਾ ਨੇਤਾ ਇਸ਼ਾਂਤ ਸ਼ਰਮਾ ਦੀ ਅਗਵਾਈ ਵਿਚ ਇਕ ਪ੍ਰਤੀਨਿਧੀ ਮੰਡਲ ਸ਼ੁੱਕਰਵਾਰ ਨੂੰ ਨਿਗਮ ਦਫਤਰ ਪਹੁੰਚਿਆ, ਜਿੱਥੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਕਾਲੋਨੀਆਂ ਦਾ ਜ਼ਿਕਰ ਹੈ। ਆਗੂਆਂ ਨੇ ਕਿਹਾ ਕਿ ਨਕਸ਼ਾ ਪਾਸ ਕਰਵਾਏ ਬਿਨਾਂ ਧੜੱਲੇ ਨਾਲ ਕਾਲੋਨੀਆਂ ਕੱਟ ਕੇ ਪਲਾਟ ਵੇਚੇ ਜਾ ਰਹੇ ਹਨ। ਆਮ ਆਦਮੀ ਦੀ ਸੁਵਿਧਾ ਵਲ ਕਿਸੇ ਵੱਲੋਂ ਧਿਆਨ ਨਹੀਂ ਜਾ ਰਿਹਾ, ਜਿਸ ਨਾਲ ਭੋਲੀ-ਭਾਲੀ ਜਨਤਾ ਨੂੰ ਵੀ ਮੂਰਖ ਬਣਾਇਆ ਜਾ ਰਿਹਾ ਹੈ। ਇਸ਼ਾਂਤ ਨੇ ਕਿਹਾ ਕਿ ਨਾਜਾਇਜ਼ ਕਾਲੋਨੀਆਂ ਕੱਟਣ ਵਾਲੇ ਧੋਖੇ ਨਾਲ ਪਲਾਟ ਵੇਚ ਦਿੱਤੇ ਜਾਂਦੇ ਹਨ ਅਤੇ ਬਾਅਦ ਵਿਚ ਆਮ ਜਨਤਾ ਸੁਵਿਧਾ ਨੂੰ ਤਰਸਦੀ ਰਹਿੰਦੀ ਹੈ। ਕਾਲੋਨੀਆਂ ਅਪਰੂਵਡ ਨਾ ਹੋਣ ਕਾਰਨ ਜਨਤਾ ਨੂੰ ਨਗਰ ਨਿਗਮ ਵਲੋਂ ਸੁਵਿਧਾਵਾਂ ਨਹੀਂ ਦਿੱਤੀਆਂ ਜਾਂਦੀਆਂ। ਇਸ਼ਾਂਤ ਨੇ ਕਿਹਾ ਕਿ ਗਦਈਪੁਰ ਦੇ ਮੁੱਖ ਪੁਲੀ ਦੇ ਨੇੜੇ ਨਾਜਾਇਜ਼ ਕਾਲੋਨੀ ਕੱਟੀ ਗਈ, ਜਿਸ ਦੀ ਜਾਣਕਾਰੀ ਅਤੇ ਫੋਟੋ ਨਿਗਮ ਕਮਿਸ਼ਨਰ ਨੂੰ ਦਿੱਤੀ ਗਈ ਹੈ।
ਆਪਰੇਸ਼ਨ 'ਗੰਗਾਜਲ' ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਵੱਛ ਭਾਰਤ ਜਿਹੀ ਮੁਹਿੰਮ ਸ਼ੁਰੂ ਹੋਈ ਪਰ ਭ੍ਰਿਸ਼ਟਾਚਾਰ ਮੁਕਤੀ ਦਾ ਕੋਈ ਅਸਰਦਾਰ ਅਭਿਆਨ ਸ਼ੁਰੂ ਨਹੀਂ ਹੋਇਆ। ਅੱਜ ਤੋਂ ਸ਼ਿਵ ਸੈਨਾ ਹਿੰਦ ਪੰਜਾਬ ਭਰ ਵਿਚ ਆਪਰੇਸ਼ਨ 'ਗੰਗਾਜਲ' ਸ਼ੁਰੂ ਕਰ ਰਹੀ ਹੈ, ਜਿਸ ਕਾਰਨ ਭ੍ਰਿਸ਼ਟਾਚਾਰ ਮਿਟਾ ਕੇ ਪੰਜਾਬ ਨੂੰ ਪਵਿੱਤਰ ਸੂਬਾ ਬਣਾਉਣ ਲਈ ਮੋਰਚਾ ਖੋਲ੍ਹਿਆ ਗਿਆ ਹੈ। ਇਸ ਸਬੰਧ ਵਿਚ ਜਿੱਥੇ ਵੀ ਭ੍ਰਿਸ਼ਟਾਚਾਰ ਜਾਂ ਨਾਜਾਇਜ਼ ਕੰਮ ਹੋ ਰਿਹਾ ਹੋਵੇਗਾ, ਉਸ ਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ।


Related News