ਸ਼ਿਵ ਸੈਨਾ ਦੇ ਮੀਤ ਪ੍ਰਧਾਨ ’ਤੇ ਜਾਨਲੇਵਾ ਹਮਲਾ

07/18/2018 3:26:22 AM

ਬਠਿੰਡਾ(ਸੁਖਵਿੰਦਰ)-ਸ਼ਿਵ ਸੈਨਾ (ਹਿੰਦੋਸਤਾਨ) ਦੇ ਜ਼ਿਲਾ ਮੀਤ ਪ੍ਰਧਾਨ ’ਤੇ ਅੱਜ ਸਵੇਰੇ ਅੱਧਾ ਦਰਜਨ ਦੇ ਕਰੀਬ ਹਥਿਆਰਬੰਦ ਲੋਕਾਂ ਨੇ ਜਾਨਲੇਵਾ ਹਮਲਾ ਕਰ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਤੇ ਪਾਰਟੀ ਆਗੂਆਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ  ਦਾਖਲ ਕਰਵਾਇਆ। ਪੁਲਸ ਨੇ ਜ਼ਖਮੀ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ  ਜ਼ਿਲਾ ਮੀਤ ਪ੍ਰਧਾਨ ਕਾਕਾ ਬਾਬੂ ਵਾਸੀ ਧੋਬੀਆਣਾ ਬਸਤੀ ਨੇ ਦੱਸਿਆ ਕਿ ਉਹ ਹਰ ਰੋਜ਼ ਵਾਂਗ ਸਵੇਰੇ ਕਰੀਬ 8 ਵਜੇ ਫੇਸ-2 ਸਥਿਤ ਸ਼੍ਰੀ ਕ੍ਰਿਸ਼ਨ ਮੰਦਰ ਗਏ ਸੀ। ਮੰਦਰ ਦੇ ਨਲਕੇ ’ਤੇ 6-7 ਅਣਪਛਾਤੇ ਨੌਜਵਾਨ ਖਡ਼੍ਹੇ ਹੋ ਕੇ ਆਪਸ ਵਿਚ ਅਪਸ਼ਬਦ ਬੋਲ ਰਹੇ ਸੀ, ਜਿਵੇਂ ਹੀ ਉਸਨੇ ਉਕਤ ਨੌਜਵਾਨਾਂ ਨੂੰ ਅਪਸ਼ਬਦ ਬੋਲਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਬੇਸਬੈਟ, ਰਾਡਾਂ ਆਦਿ ਨਾਲ ਉਸ ’ਤੇ ਹਮਲਾ ਕਰ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸਨੇ ਦੱਸਿਆ ਕਿ ਉਕਤ ਨੌਜਵਾਨਾਂ ’ਚੋਂ ਇਕ ਕੋਲ ਪਿਸਤੌਲ ਵੀ ਸੀ, ਜਿਸ ਦੇ ਜ਼ੋਰ ’ਤੇ ਮੁਲਜ਼ਮ ਉਸਨੂੰ ਧਮਕਾਉਂਦਿਆਂ ਮੌਕੇ ਤੋਂ ਫਰਾਰ ਹੋ ਗਏ। ਉਸਦੇ ਪਰਿਵਾਰਕ ਮੈਂਬਰਾਂ ਤੇ ਪਾਰਟੀ ਆਗੂਆਂ ਨੇ ਉਸਨੂੰ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ ’ਤੇ ਥਾਣਾ ਸਿਵਲ ਲਾਈਨ ਪੁਲਸ ਨੇ ਹਸਪਤਾਲ ਪਹੁੰਚ ਕੇ ਜ਼ਖਮੀ ਦੇ ਬਿਆਨ ਦਰਜ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਬਾਰੇ ਸ਼ਿਵ ਸੈਨਾ ਦੇ ਸੂਬਾ ਸੰਗਠਨ ਮੰਤਰੀ ਸੁਸ਼ੀਲ ਕੁਮਾਰ ਜਿੰਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਆਗੂ ਨਸ਼ਿਅਾਂ, ਨਾਜਾਇਜ਼ ਕਬਜ਼ਿਅਾਂ ਆਦਿ ਖਿਲਾਫ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ, ਜਿਸ ਕਾਰਨ ਉਹ ਕੁਝ ਲੋਕਾਂ ਦੀਆਂ ਅੱਖਾਂ ਵਿਚ ਰਡ਼ਕ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਕਰ ਕੇ ਉਨ੍ਹਾਂ ਦੀ ਆਵਾਜ਼ ਨੂੰ ਬੰਦ ਨਹੀਂ ਕੀਤਾ ਜਾ ਸਕਦਾ। 
 


Related News