ਦਿੱਲੀ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ ਦਾ ਹੋਵੇਗਾ ਘਿਰਾਅ : ਸ਼ਿਵ ਸੈਨਾ
Saturday, Jul 06, 2019 - 02:13 PM (IST)

ਖੰਨਾ (ਕਮਲ) : ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ ਦੁਰਗਾ ਮੰਦਰ 'ਤੇ ਹੋਏ ਹਮਲੇ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਨੇ ਸਖਤ ਰੁਖ ਅਖਤਿਆਰ ਕਰਦਿਆਂ ਹਮਲਾਵਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਨੇ ਦਿੱਲੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਤਿੰਨ ਦਿਨ ਦਾ ਅਲਟੀਮੇਟਮ ਦਿੱਤਾ ਹੈ ਅਤੇ ਕਿਹਾ ਹੈ ਕਿ ਜੇਕਰ 3 ਦਿਨਾਂ 'ਚ ਹਮਲਾਵਰ ਨਾ ਫੜ੍ਹੇ ਗਏ ਤਾਂ ਸ਼ਿਵ ਸੈਨਾ ਦਿੱਲੀ ਤੋਂ ਆਉਣ ਵਾਲੀਆਂ ਸਾਰੀਆਂ ਬੱਸਾਂ ਨੂੰ ਪੰਜਾਬ 'ਚ ਰੋਕ ਕੇ ਪ੍ਰਦਰਸ਼ਨ ਕਰੇਗੀ।
ਦਿੱਲੀ 'ਚ ਮੰਦਰ 'ਤੇ ਇਕ ਫਿਰਕੇ ਵਲੋਂ ਕੀਤੇ ਗਏ ਹਮਲੇ ਦਾ ਮਾਮਲਾ ਧਾਰਮਿਕ ਰੋਸ ਦਾ ਰੂਪ ਲੈਣ ਲੱਗਾ ਹੈ। ਇਸ ਘਟਨਾ ਨੂੰ ਲੈ ਕੇ ਸੰਜੀਵ ਘਨੌਲੀ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਜੇਕਰ ਉਕਤ ਮਾਮਲੇ 'ਚ ਦਿੱਲੀ ਦੇ ਨਾਲ-ਨਾਲ ਕੇਂਦਰ ਸਰਕਾਰ ਨੇ ਸਖਤ ਫੈਸਲਾ ਨਾ ਲਿਆ ਤਾਂ ਮਜਬੂਰਨ ਸ਼ਿਵ ਸੈਨਿਕਾਂ ਨੂੰ ਅੱਗੇ ਆਉਣਾ ਪਵੇਗਾ।