ਸ਼ਿਵ ਸੈਨਾ ਨੇਤਾ ਦੇ ਕਤਲ ਸਬੰਧੀ 5 ''ਤੇ ਮਾਮਲਾ ਦਰਜ
Saturday, Apr 06, 2019 - 02:33 PM (IST)
ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਕੁਝ ਨੌਜਵਾਨਾਂ ਨੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਜ਼ਿਲਾ ਉਪ ਪ੍ਰਧਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸ਼ਿਵ ਸੈਨਾ ਬਾਲ ਇਸ ਸਬੰਧੀ ਪੁਰਾਣਾ ਸ਼ਾਲਾ ਪੁਲਸ ਨੇ 5 ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਵਿਰੁੱਧ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਇਸ ਘਟਨਾ ਦਾ ਅੱਤਵਾਦ ਨਾਲ ਕਿਸੇ ਤਰ੍ਹਾਂ ਦਾ ਸਬੰਧ ਨਹੀਂ ਹੈ ਅਤੇ ਇਹ ਸਾਰਾ ਮਾਮਲਾ ਨੌਜਵਾਨਾਂ 'ਚ ਆਪਸੀ ਰੰਜਿਸ਼ ਦਾ ਨਤੀਜਾ ਹੈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲਾ ਉਪ ਪ੍ਰਧਾਨ ਅਜੇ ਕੁਮਾਰ ਪੁੱਤਰ ਸੌਦਾਗਰ ਨਿਵਾਸੀ ਖਾੜੀਆ ਦੀ ਹੱਤਿਆ ਦੇ ਦੋਸ਼ 'ਚ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ 'ਚ ਹਰਮੀਤ ਸਿੰਘ ਉਰਫ਼ ਮੀਤਾ, ਰਾਕੇਸ ਕੁਮਾਰ ਉਰਫ਼ ਮੇਸੀ, ਸੰਦੀਪ ਉਰਫ਼ ਪ੍ਰਿੰਸ ਤਿੰਨੇ ਨਿਵਾਸੀ ਸੈਦੋਵਾਲ ਖੁਰਦ, ਸੁਖਰਾਜ ਸਿੰਘ ਅਤੇ ਦੀਪ ਨਿਵਾਸੀ ਲੱਖਣਪਾਲ ਦੇ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਸ਼ੀਆ ਨੇ ਅਜੇ ਕੁਮਾਰ ਦੀ ਹੱਤਿਆ ਕਿਉਂ ਕੀਤੀ ਹੈ, ਇਸ ਸਬੰਧੀ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ।
ਦੱਸ ਦਈਏ ਕਿ ਮ੍ਰਿਤਕ ਅਜੇ ਕੁਮਾਰ ਦੇ ਪਰਿਵਾਰ ਵਾਲਿਆਂ ਨੇ ਅੱਜ ਪੋਸਟਮਾਰਟਮ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਫਿਰ ਹੀ ਅਜੇ ਕੁਮਾਰ ਦਾ ਪੋਸਟਮਾਰਟਮ ਹੋਵੇਗਾ।