ਸਕਿਓਰਿਟੀ ਗਾਰਡ ''ਤੇ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ
Friday, Feb 09, 2018 - 12:09 PM (IST)

ਪਟਿਆਲਾ (ਪ. ਪ.)-ਸ਼ਿਵ ਸੈਨਾ ਬਾਲ ਠਾਕਰੇ ਦੇ ਕਾਰਕੁੰਨਾਂ ਵੱਲੋਂ ਲੰਘੇ ਦਿਨੀਂ ਸਿਮਰਨ ਕਾਲੋਨੀ ਵਿਖੇ ਕੀਤੀ ਗੁੰਡਾਗਰਦੀ ਖਿਲਾਫ ਮਾਮਲਾ ਭੜਕਦਾ ਜਾ ਰਿਹਾ ਹੈ। ਸ਼ਿਵ ਸੈਨਿਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਜਿਸ ਵਿਅਕਤੀ ਨੂੰ ਕੁੱਟ-ਕੁੱਟ ਕੇ ਉਸਦਾ ਗੋਡਾ ਤੋੜ ਦਿੱਤਾ ਗਿਆ ਹੈ, ਉਹ ਦਲਿਤ ਭਾਈਚਾਰੇ ਨਾਲ ਸਬੰਧਤ ਹੈ। ਇਸ ਕਰ ਕੇ ਦਲਿਤ ਸੰਗਠਨ ਵੀ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ 'ਤੇ ਉਤਾਰੂ ਹੋ ਗਏ ਹਨ।
ਰਜਿੰਦਰਾ ਹਸਪਤਾਲ 'ਚ ਜ਼ੇਰੇ ਇਲਾਜ ਗੁਰਬਖਸ਼ ਸਿੰਘ ਅਤੇ ਉਸ ਦੀ ਧਰਮਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਹਨ। ਕਾਲੋਨੀ ਨਿਵਾਸੀਆਂ ਨੇ ਸਕਿਓਰਿਟੀ ਲਈ ਬਤੌਰ ਚੌਕੀਦਾਰ ਤਾਇਨਾਤ ਕੀਤਾ ਹੈ। ਉਨ੍ਹਾਂ ਕਦੇ ਕਿਸੇ ਬਾਂਦਰ ਜਾਂ ਹੋਰ ਜਾਨਵਰ ਨੂੰ ਨਹੀਂ ਮਾਰਿਆ ਤੇ ਨਾ ਹੀ ਉਸਦੇ ਕੋਲ ਕੋਈ ਹਥਿਆਰ ਹੁੰਦਾ ਹੈ, ਜਦੋਂ ਸ਼ਿਵ ਸੈਨਿਕ ਕਾਲੋਨੀ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਬਿਨਾਂ ਸੁਣੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਗੋਡਾ ਤੋੜ ਦਿੱਤਾ। ਆਪਣੇ ਆਪ ਨੂੰ ਕਦੇ ਸ਼ਿਵ ਸੈਨਿਕ ਅਤੇ ਕਦੇ ਬਜਰੰਗ ਦਲ ਦੇ ਦੱਸਣ ਵਾਲੇ ਲੋਕ ਉਸ ਨੂੰ ਗੱਡੀ ਵਿਚ ਬਿਠਾ ਕੇ ਥਾਣੇ ਲੈ ਗਏ ਅਤੇ ਉਸ ਨਾਲ ਬੁਰਾ ਸਲੂਕ ਕੀਤਾ। ਗੁਰਬਖਸ਼ ਦੀ ਧਰਮਪਤਨੀ ਗੁਰਮੀਤ ਕੌਰ ਨੇ ਕਿਹਾ ਕਿ ਜਿਸ ਬਾਂਦਰ ਨੂੰ ਜ਼ਖਮੀ ਕਰਨ ਦੀ ਗੱਲ ਕੀਤੀ ਗਈ ਹੈ, ਉਸ ਵਿਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ। ਸੁਣਵਾਈ ਕੀਤੇ ਬਿਨਾਂ ਹੀ ਉਸਦੇ ਪਤੀ 'ਤੇ ਹਮਲਾ ਕਰ ਦਿੱਤਾ ਗਿਆ। ਹੁਣ ਪੁਲਸ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਚਾਰ ਸਕੱਤਰ ਰਾਜੇਸ਼ ਘਾਰੂ, ਐੈੱਸ. ਸੀ/ਬੀ. ਸੀ. ਵੈੱਲਫੇਅਰ ਫੈੱਡਰੇਸ਼ਨ ਦੇ ਪ੍ਰਧਾਨ ਜਤਿੰਦਰ, ਜੀਵਨ ਦਾਸ ਗਿੱਲ ਸਮੇਤ ਹੋਰਨਾਂ ਆਗੂਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਹੈ, ਇਸ ਨੂੰ ਮੁੰਬਈ ਨਾ ਬਣਾਇਆ ਜਾਵੇ। ਪੰਜਾਬ ਦੇ ਲੋਕ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ।
ਇਸ ਦੌਰਾਨ ਕਾਲੋਨੀ ਨਿਵਾਸੀਆਂ ਸੁਰਜੀਤ ਕੁਮਾਰ, ਬਲਵੀਰ ਸਿੰਘ, ਦਲਜੀਤ ਸਿੰਘ, ਇੰਦਰਦੀਪ ਸਿੰਘ, ਕੁਲਵੀਰ ਸਿੰਘ ਨੇ ਕਿਹਾ ਕਿ ਕਾਲੋਨੀ ਦੀ ਸੁਰੱਖਿਆ ਲਈ ਉਨ੍ਹਾਂ ਪ੍ਰਾਈਵੇਟ ਤੌਰ 'ਤੇ ਗਾਰਡ ਰੱਖੇ ਹੋਏ ਹਨ। ਜਿਨ੍ਹਾਂ ਸ਼ਿਵ ਸੈਨਿਕਾਂ ਨੇ ਗਾਰਡਾਂ ਨੂੰ ਬੇਰਹਿਮੀ ਨਾਲ ਕੁੱਟਿਆ ਹੈ, ਉਨ੍ਹਾਂ ਖਿਲਾਫ ਪਰਚਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੱਕ ਪਹੁੰਚ ਕਰਨਗੇ। ਲੋੜ ਪੈਣ 'ਤੇ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।