ਬਰਸੀ ’ਤੇ ਵਿਸ਼ੇਸ਼ : ਜੋਬਨ ਰੁੱਤੇ ਦੁਨੀਆ ਨੂੰ ਅਲਵਿਦਾ ਕਹਿਣ ਵਾਲਾ ਸ਼ਾਇਰ ‘ਸ਼ਿਵ ਕੁਮਾਰ ਬਟਾਲਵੀ’

Thursday, May 06, 2021 - 01:10 PM (IST)

ਡਾਕਟਰ ਭੁਪਿੰਦਰ ਸਿੰਘ
ਨਿਊ ਅੰਮ੍ਰਿਤਸਰ

ਪੰਜਾਬੀ ਦੇ ਬਹੁਤ ਸਾਰੇ ਸ਼ਾਇਰ ਹੋਏ ਹਨ, ਜਿਨ੍ਹਾਂ ਨੂੰ ਪੜ੍ਹਿਆ ਜਾਂਦਾ ਹੈ ਪਰ ਸ਼ਿਵ ਕੁਮਾਰ ਬਟਾਲਵੀ ਇਕ ਅਜਿਹੇ ਸ਼ਾਇਰ ਸਨ, ਜਿਨ੍ਹਾਂ ਨੂੰ ਪੜ੍ਹਨ ਦੇ ਨਾਲ-ਨਾਲ ਬਹੁਤ ਸਾਰੇ ਗਾਇਕਾਂ ਨੇ ਗਾਇਆ। ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਵਿੱਚ ਬੜਾ ਪਿੰਡ ਲਹੋਟੀਆਂ ਤਹਿਸੀਲ ਸ਼ੰਕਰਗੜ੍ਹ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੰਡਤ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ। 

ਮੁੱਢਲੀ ਸਿੱਖਿਆ ਸ਼ਿਵ ਕੁਮਾਰ ਨੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਚੌਥੀ ਜਮਾਤ ਵਿਚੋਂ ਵਜ਼ੀਫ਼ਾ ਲੈ ਕੇ 5ਵੀਂ ਤੇ 6ਵੀਂ ਜਮਾਤ ਉਸ ਨੇ ਡੇਰਾ ਬਾਬਾ ਨਾਨਕ ਤੋਂ ਕੀਤੀ । ਉਸਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ ਮੁਕਤੀ ਵੇਲੇ਼ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ।

ਸ਼ਿਵ ਕੁਮਾਰ ਨੇ ਕਾਵਿ-ਰਚਨਾ ਦਾ ਆਰੰਭ 1960 ਵਿੱਚ ਕੀਤਾ। ਇਸ ਸਮੇਂ ਦੌਰਾਨ ਉਸ ਦੇ ਜੀਵਨ ਵਿੱਚ ਮੀਨਾ ਕੁੜੀ ਆਈ, ਜਿਸ ਨੂੰ ਬੈਜਨਾਥ ਦੇ ਮੇਲੇ ਵਿੱਚ ਦੇਖ ਕੇ ਉਸਨੂੰ ਇਉਂ ਲੱਗਿਆ ਕਿ ਉਸਨੂੰ ਆਪਣੇ ਸੁਫ਼ਨੇ ਦੀ ਕੁੜੀ ਮਿਲ ਗਈ ਹੈ ਪਰ ਉਸ ਕੁੜੀ ਦੀ ਮੌਤ ਨੇ ਸ਼ਿਵ ਕੁਮਾਰ ਨੂੰ ਬਿਰਹੋਂ ਦਾ ਕਵੀ ਬਣਾ ਦਿੱਤਾ। ਸ਼ਿਵ ਕੁਮਾਰ ਦੀਆਂ ਕਵਿਤਾਵਾਂ ਦੀ ਹਰ ਪਾਸੇ ਚਰਚਾ ਹੋਣ ਲੱਗੀ।

ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ’ਤੇ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖ਼ਰ 1966 ਵਿਚ ਰੋਜੀ-ਰੋਟੀ ਦੇ ਉਪਰਾਲੇ ਵਜੋਂ ਉਸਨੇ "ਸਟੇਟ ਬੈਂਕ ਆਫ਼ ਇੰਡੀਆ" ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਕਰਨ ਲੱਗ ਪਿਆ।

ਸ਼ਿਵ ਕੁਮਾਰ ਦੇ ਕਾਵਿ-ਸੰਗ੍ਰਹਿ, ਕਾਵਿ-ਪੁਸਤਕਾਂ, ਕਾਵਿ ਨਾਟ
ਇਸ ਤੋਂ ਬਾਅਦ ਇਕ ਅਮੀਰ ਕੁੜੀ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ’ਚ ਆਈ। ਜਿਹੜੀ ਸ਼ਿਵ ਨਾਲ ਪ੍ਰੀਤ ਪਾ ਕੇ ਪ੍ਰਦੇਸ਼ ਚਲੀ ਗਈ। ਇਸ ਕੁੜੀ ਦੇ ਵਿਛੋੜੇ ਨੇ ਵੀ ਇਸ ਤੋਂ ਬਹੁਤ ਕੁਝ ਲਿਖਵਾਇਆ। ਪੀੜਾ ਦਾ ਪਰਾਗਾ (1960), ਲਾਜਵੰਤੀ (1961), ਆਟੇ ਦੀਆਂ ਚਿੜੀਆਂ (1962), ਮੈਨੂੰ ਵਿਦਾ ਕਰੋ (1963), ਦਰਦਮੰਦਾਂ ਦੀਆਂ ਆਹੀਂ (1964), ਬਿਰਹਾ ਤੂੰ ਸੁਲਤਾਨ (1964), ਲੂਣਾ (1965), ਮੈਂ ਤੇ ਮੈਨੂੰ (1970), ਆਰਤੀ (1971), ਬਿਰਹੜਾ (1974) ਆਦਿ ਉਸ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਆਟੇ ਦੀਆਂ ਚਿੜੀਆਂ ਕਾਵਿ-ਸੰਗ੍ਰਹਿ ’ਤੇ ਬਟਾਲਵੀ ਨੂੰ ਭਾਸ਼ਾ ਵਿਭਾਗ ਵਲੋਂ ਇਕ ਹਜ਼ਾਰ ਰੁਪਏ ਦਾ ਇਨਾਮ ਅਤੇ ਕਾਵਿ-ਨਾਟ ਲੂਣਾਂ ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਅਲਵਿਦਾ (1974) ਅਤੇ ਅਸਾਂ ਤਾਂ ਜੋਬਨ ਰੁਤੇ ਮਰਨਾ (1976) ਉਸ ਦੇ ਸੰਪਾਦਿਤ ਕਾਵਿ-ਸੰਗ੍ਰਹਿ ਹਨ। ਇਨ੍ਹਾਂ ਕਾਵਿ-ਪੁਸਤਕਾਂ ਵਿੱਚ ਸ਼ਿਵ ਕੁਮਾਰ ਦੀ ਕਵਿਤਾ ਦਾ ਮੁੱਖ ਵਿਸ਼ਾ ਦਰਦ, ਪੀੜਾ, ਬਿਰਹਾ, ਔਰਤ ਦੇ ਦੁੱਖ ਹਨ।

ਸ਼ਿਵ ਦਾ ਵਿਆਹ ਅਤੇ ਬੱਚੇ
5 ਫ਼ਰਵਰੀ 1967 ਨੂੰ ਸ਼ਿਵ ਦਾ ਵਿਆਹ, ਗੁਰਦਾਸਪੁਰ ਜ਼ਿਲ੍ਹੇ ਦੇ ਇਕ ਪਿੰਡ 'ਕੀੜੀ ਮੰਗਿਆਲ' ਦੀ ਅਰੁਣਾ ਨਾਲ ਹੋ ਗਿਆ। ਉਸਦਾ ਵਿਆਹੁਤਾ ਜੀਵਨ ਖ਼ੁਸ਼ ਅਤੇ ਹਰ ਪੱਖੋਂ ਠੀਕ-ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਬਟਾਲਵੀ ਅਤੇ ਧੀ ਪੂਜਾ ਨੇ ਜਨਮ ਲਿਆ। ਸ਼ਿਵ ਆਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਸੰਨ 1968 ਵਿਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ। ਚੰਡੀਗੜ੍ਹ ਆ ਕੇ ਸ਼ਿਵ ਨੇ ਬੈਂਕ ਦੀ ਨੌਕਰੀ ਵਿੱਚ ਕੋਈ ਦਿਲਚਸਪੀ ਨਾ ਵਿਖਾਈ। ਉਹ 21 ਸੈਕਟਰ ਵਿੱਚ ਇਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਹਫ਼ਤੇ ਵਿਚ ਇਕ ਜਾਂ ਦੋ ਦਿਨ ਕੰਮ ’ਤੇ ਜਾਂਦਾ ਸੀ।

ਆਟੇ ਦੀਆਂ ਚਿੜੀਆਂ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿੱਚ ਉਸ ਨੇ ਗ਼ਮ, ਪੀੜਾ, ਨਿਰਾਸਤਾ ਤੇ ਮੌਤ ਨੂੰ ਪੇਸ਼ ਕੀਤਾ। ਮੈਨੂੰ ਵਿਦਾ ਕਰੋ ਕਾਵਿ-ਸੰਗ੍ਰਹਿ ਵਿੱਚ ਉਸ ਨੇ ਭਰ ਜਵਾਨੀ ਵਿੱਚ ਆਪਣੀ ਮੌਤ ਬਾਰੇ ਕਵਿਤਾ ਲਿਖੀ। ਭਵਿੱਖਬਾਣੀ ਕਰਦਿਆਂ ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਕਵਿਤਾ ਲਿਖੀ। ਬਿਰਹਾ ਤੂੰ ਸੁਲਤਾਨ ਕਾਵਿ-ਸੰਗ੍ਰਹਿ 1964 ਵਿੱਚ ਛਪਿਆ।

1965 ਵਿੱਚ ਛਪਿਆ ਉਸ ਦਾ ਕਾਵਿ-ਨਾਟ ਲੂਣਾ ਇਕ ਅਜਿਹੀ ਮਹਾਨ ਰਚਨਾ ਹੈ, ਜਿਸ ਵਿੱਚ ਉਸ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚ ਉੱਤਰ ਕੇ ਇਸਤਰੀ ਲਈ ਪਾਠਕਾਂ ਦੇ ਮਨ ਵਿੱਚ ਹਮਦਰਦੀ ਦੇ ਭਾਵ ਜਗਾਏ ਹਨ। ਇਸ ਵਿੱਚ ਕਵੀ ਨੇ ਪਹਿਲੀ ਵਾਰ ਲੂਣਾ ਨੂੰ ਨਿਰਦੋਸ਼ ਸਾਬਤ ਕਰਨ ਦਾ ਸਫਲ ਯਤਨ ਕੀਤਾ।

ਆਰਤੀ ਕਾਵਿ-ਸੰਗ੍ਰਹਿ 1963 ਤੋਂ 1965 ਤੱਕ ਦੇ ਸਮੇਂ ਦੌਰਾਨ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਬਿਰਹੜਾ ਅਤੇ ਅਸਾਂ ਤਾਂ ਜੋਬਨ ਰੁੱਤੇ ਮਰਨਾ ਕਾਵਿ-ਸੰਗ੍ਰਹਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਬਿਰਹਣ ਪਤਨੀ ਅਰੁਣਾ ਬਟਾਲਵੀ ਨੇ ਤਿਆਰ ਕਰ ਛਪਵਾਏ। ਇਹ ਕਾਵਿ-ਸੰਗ੍ਰਹਿ ਸ਼ਿਵ ਦੀਆਂ ਚੋਣਵੀਆਂ ਛਪੀਆਂ ਅਤੇ ਅਣਛਪੀਆਂ ਕਵਿਤਾਵਾਂ ਦੇ ਸੰਗ੍ਰਹਿ ਹਨ। 1976 ਵਿੱਚ ਛਪੀ ਪੁਸਤਕ ਅਲਵਿਦਾ ਸ਼ਿਵ ਦੀ ਮੌਤ ਤੋਂ ਬਾਅਦ ਸ਼ਿਵ ਦੇ ਕਾਗ਼ਜ਼ਾਂ ਵਿੱਚੋਂ ਜੋ ਕੁਝ ਸੰਭਾਲਿਆ ਜਾ ਸਕਿਆ, ਉਨ੍ਹਾਂ ਗੀਤਾਂ, ਕਵਿਤਾਵਾਂ ਦਾ ਸੰਗ੍ਰਹਿ ਹੈ।

ਕੁਝ ਵਰ੍ਹਿਆਂ ਵਿੱਚ ਗਿਣਨਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਪੰਜਾਬੀ ਸਾਹਿਤ ਦੀ ਝੋਲੀ ਭਰ ਕੇ ਪੰਜਾਬੀ ਦਾ ਇਹ ਸ਼ਾਇਰ ਜਿਗਰ ਖ਼ਰਾਬ ਹੋ ਜਾਣ ਕਾਰਨ 6 ਮਈ 1973 ਨੂੰ ਆਪਣੇ ਸਹੁਰੇ ਪਿੰਡ ਮੰਗਿਆਸ (ਮਾਧੋਪੁਰ ਬੇਟ) ਵਿਖੇ ਸਦਾ ਦੀ ਨੀਂਦ ਸੌਂ ਗਿਆ। ਸ਼ਿਵ, ਜਿਸਦੀ ਤੁਲਨਾ ਅੰਗਰੇਜ਼ੀ ਦੇ ਪ੍ਰਸਿੱਧ ਕਵੀ "ਜੌਨ ਕੀਟਸ" ਨਾਲ ਕੀਤੀ ਜਾਂਦੀ ਸੀ, ਉਸ ਦੇ ਵਾਂਗ ਹੀ ਭਰੀ ਜਵਾਨੀ ਵਿੱਚ ਇਹ ਦੁਨੀਆਂ ਤੋਂ ਵਿਦਾ ਹੋ ਗਿਆ।


rajwinder kaur

Content Editor

Related News