ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਨੂੰ ਦੱਸਿਆ ਗਲਤ
Monday, Nov 20, 2017 - 03:52 AM (IST)

ਅੰਮ੍ਰਿਤਸਰ (ਦੀਪਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਦਿਆਲ ਸਿੰਘ ਈਵਨਿੰਗ ਕਾਲਜ ਨਵੀਂ ਦਿੱਲੀ ਦਾ ਨਾਂ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਸਬੰਧੀ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ, ਜਿਸ ਨਾਲ ਇਤਿਹਾਸਕ ਵਿਰਾਸਤ ਦਾ ਖਾਤਮਾ ਹੁੰਦਾ ਹੋਵੇ। ਪ੍ਰੋ. ਬਡੂੰਗਰ ਨੇ ਕਾਲਜ ਦੀ ਗਵਰਨਿੰਗ ਬਾਡੀ ਵੱਲੋਂ ਲਏ ਇਸ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਇਸ 'ਤੇ ਮੁੜ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਦਿਆਲ ਸਿੰਘ ਕਾਲਜ ਦੀ ਹੋਂਦ ਖਤਮ ਕਰਨ ਦੀ ਥਾਂ ਹੋਰ ਨਵੀਂ ਬਿਲਡਿੰਗ ਉਸਾਰ ਕੇ ਉਸ ਦਾ ਨਾਂ ਜੋ ਮਰਜ਼ੀ ਰੱਖਿਆ ਜਾਂਦਾ ਤਾਂ ਕੋਈ ਇਤਰਾਜ਼ ਵਾਲੀ ਗੱਲ ਨਹੀਂ ਸੀ ਪਰ ਦਿਆਲ ਸਿੰਘ ਕਾਲਜ ਦੇ ਨਾਂ ਦਾ ਖਾਤਮਾ ਕਰ ਕੇ ਨਵਾਂ ਨਾਂ ਰੱਖਣਾ ਇਸ ਇਮਾਰਤ ਦੇ ਇਤਿਹਾਸ ਨੂੰ ਖਤਮ ਕਰਨਾ ਹੈ। ਉਨ੍ਹਾਂ ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਵੱਲੋਂ ਨਵੇਂ ਨਾਂ ਨੂੰ ਭਗਤੀ ਭਾਵਨਾ ਨੂੰ ਹੁਲਾਰਾ ਦੇਣ ਵਾਲਾ ਕਹਿਣ 'ਤੇ ਟਿੱਪਣੀ ਕੀਤੀ ਕਿ ਸਿੱਖਾਂ ਤੋਂ ਵੱਡਾ ਦੇਸ਼ ਭਗਤ ਹੋਰ ਕੌਣ ਹੋ ਸਕਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਰਤ ਦੀ ਧਰਤੀ ਲਈ ਖਾਲਸਾ ਪੰਥ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਹੈ। ਦੇਸ਼ 'ਤੇ ਜਦੋਂ ਵੀ ਕੋਈ ਸੰਕਟ ਆਇਆ ਤਾਂ ਸਿੱਖ ਹਮੇਸ਼ਾ ਮੋਹਰੀ ਰਹੇ। ਇਸ ਲਈ ਦਿਆਲ ਸਿੰਘ ਦੇ ਨਾਂ 'ਤੇ ਕਾਲਜ ਦੀ ਹੋਂਦ ਭਗਤੀ ਭਾਵਨਾ ਦਾ ਬਿਹਤਰ ਪ੍ਰਗਟਾਵਾ ਹੈ, ਜਿਸ ਨੂੰ ਖਤਮ ਨਹੀਂ ਕਰਨਾ ਚਾਹੀਦਾ।