ਸ਼੍ਰੋਮਣੀ ਕਮੇਟੀ ਵੱਲੋਂ 550ਵਾਂ ਗੁਰਪੁਰਬ ਕੌਮਾਂਤਰੀ ਸਮਾਗਮ ਸ੍ਰੀ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਉਣ ਦਾ ਐਲਾਨ

08/10/2019 11:37:46 AM

ਸੁਲਤਾਨਪੁਰ ਲੋਧੀ (ਸੋਢੀ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਅਤੇ ਸੰਤਾਂ-ਮਹਾਪੁਰਸ਼ਾਂ ਦੇ ਸਹਿਯੋਗ ਨਾਲ ਜਗਤਗੁਰੂ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਸੁਲਤਾਨਪੁਰ ਲੋਧੀ ਦੇ ਸ੍ਰੀ ਗੁਰੂ ਨਾਨਕ ਸਟੇਡੀਅਮ ਵਿਖੇ ਵੱਡੇ ਪੰਡਾਲ ਸਜਾ ਕੇ ਕੌਮਾਂਤਰੀ ਪੱਧਰ ਦੇ 13 ਰੋਜ਼ਾ ਸਮਾਗਮ ਕਰਵਾਉਣ ਦਾ ਬੀਤੇ ਦਿਨੀਂ ਰਸਮੀ ਐਲਾਨ ਕੀਤਾ ਗਿਆ। ਇਸ ਸਬੰਧੀ ਗੁ. ਬੇਰ ਸਾਹਿਬ ਵਿਖੇ ਆਯੋਜਿਤ ਇਕ ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਦੀ ਮੁੱਖ ਪ੍ਰਬੰਧਕ ਬੀਬੀ ਜਗੀਰ ਕੌਰ (ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ) ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ 1 ਤੋਂ 13 ਨਵੰਬਰ ਤੱਕ ਕੌਮਾਂਤਰੀ ਪੱਧਰ ਦੇ ਸਮਾਗਮ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਸਟੇਡੀਅਮ ਵਿਖੇ ਇਕ ਲੱਖ ਦੇ ਕਰੀਬ ਸੰਗਤਾਂ ਦੇ ਬੈਠਣ ਲਈ ਖੁੱਲ੍ਹੇ ਪੰਡਾਲ ਬਣਾਏ ਜਾਣਗੇ ਅਤੇ ਸਟੇਡੀਅਮ ਦੇ ਨਾਲ ਲੋੜ ਅਨੁਸਾਰ ਹੋਰ ਜਗ੍ਹਾ 'ਚ ਵੀ ਪੰਡਾਲ ਖੋਲ੍ਹੇ ਜਾਣਗੇ । ਉਨ੍ਹਾਂ ਇਲਾਕੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਆ ਰਹੇ 550ਵੇਂ ਸ਼ਤਾਬਦੀ ਸਮਾਗਮ ਮੌਕੇ ਦੇਸ਼ ਵਿਦੇਸ਼ ਤੋਂ ਇਥੇ ਪੁੱਜਣ ਵਾਲੀਆਂ ਬਾਬੇ ਦੀਆਂ ਸੰਗਤਾਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦੇਣ। ਉਨ੍ਹਾਂ ਦੱਸਿਆ ਕਿ ਹੁਣ ਤੱਕ ਤਰਨਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਕਪੂਰਥਲਾ, ਲੋਹੀਆਂ, ਸ਼ਾਹਕੋਟ, ਮਖੂ ਅਤੇ ਜਲੰਧਰ ਜ਼ਿਲੇ ਦੇ ਹੋਰ ਸ਼ਹਿਰਾਂ ਤੇ ਪਿੰਡਾਂ 'ਚ ਵੱਡੀ ਗਿਣਤੀ 'ਚ ਸਕੂਲ, ਕਾਲਜ, ਪੈਲੇਸ ਅਤੇ ਕੋਠੀਆਂ ਆਦਿ ਬਾਹਰੋਂ ਆਈ ਸੰਗਤ ਦੀ ਰਿਹਾਇਸ਼ ਲਈ ਰਾਖਵੇਂ ਕੀਤੇ ਗਏ ਹਨ, ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਦੇ ਨੇੜੇ ਵੀ ਰਿਹਾਇਸ਼ ਲਈ ਵੱਡੀ ਪੱਧਰ 'ਤੇ ਸਰਾਵਾਂ ਅਤੇ ਟੈਟ ਸਿਟੀ ਬਣਾਏ ਜਾ ਰਹੇ ਹਨ ।
ਇੰਝ ਹੋਵੇਗਾ ਪੂਰਾ ਪ੍ਰੋਗਰਾਮ
ਪ੍ਰਬੰਧਾਂ ਦੀ ਇੰਚ. ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਸ਼ਤਾਬਦੀ ਸਮਾਗਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨਾਲ ਜੋੜ ਕੇ ਹੁਣ ਤੱਕ ਦੇ ਉਲੀਕੇ ਗਏ ਪ੍ਰੋਗਰਾਮ 'ਚ 1 ਨਵੰਬਰ ਨੂੰ ਗੁ. ਸ੍ਰੀ ਰਬਾਬਸਰ ਸਾਹਿਬ ਭਰੋਆਣਾ ਤੋਂ ਮਹਾਨ ਨਗਰ ਕੀਰਤਨ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਜਾਵੇਗਾ, ਜਿਸ 'ਚ ਦੁਨੀਆ ਭਰ ਦੇ 550 ਰਬਾਬੀ ਸ਼ਾਮਲ ਹੋਣਗੇ। 2 ਨਵੰਬਰ ਨੂੰ ਜਿਨ੍ਹਾਂ 15 ਹਜ਼ਾਰ ਦੇ ਕਰੀਬ ਸੰਗਤਾਂ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸਹਿਜਪਾਠ ਸਾਹਿਬ ਆਰੰਭ ਕੀਤੇ ਹੋਏ ਹਨ।3 ਨਵੰਬਰ ਨੂੰ ਭਾਰਤ ਭਰ ਦੀਆਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਉਨ੍ਹਾਂ 'ਚੋਂ ਹੀ ਪੰਥਕ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ।4 ਅਤੇ 5 ਨਵੰਬਰ ਨੂੰ ਸੂਬੇ ਦੇ ਸਮੂਹ ਸਕੂਲੀ ਬੱਚਿਆਂ ਦੇ ਗੁਰਬਾਣੀ , ਕੀਰਤਨ, ਕਥਾ ਅਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ । 6 ਨਵੰਬਰ ਨੂੰ ਸਾਰੇ ਹੀ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵੱਡੇ ਵਿਦਿਆਰਥੀਆਂ ਦੇ ਗੁਰਮਤਿ ਸਮਾਗਮ ਹੋਣਗੇ।

7 ਨਵੰਬਰ ਨੂੰ ਦੁਨੀਆ ਭਰ ਦੀਆਂ ਸਮੂਹ ਸੰਗੀਤ ਅਕੈਡਮੀਆਂ ਦੇ ਵਿਦਿਆਰਥੀ ਤੇ ਰਾਗ , ਕਥਾ ਵਾਚਕ ਗੁਰਮਤਿ ਸੰਗੀਤ ਸਮਾਗਮ ਹੋਣਗੇ। 8 ਨਵੰਬਰ ਨੂੰ ਇੰਟਰਨੈਸ਼ਨਲ ਢਾਡੀ ਤੇ ਕਵੀ ਦਰਬਾਰ । 9 ਨਵੰਬਰ ਨੂੰ ਪੂਰਾ ਦਿਨ ਮਹਾਨ ਗੁਰਮਤਿ ਸਮਾਗਮ ਤੇ ਸ਼ਾਮ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਫਲਸਫੇ ਸੰਬੰਧੀ ਧਾਰਮਕ ਨਾਟਕ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ । 10 ਨਵੰਬਰ ਨੂੰ ਕੌਮਾਂਤਰੀ ਪੱਧਰ ਦਾ ਧਾਰਮਿਕ ਇਸਤਰੀ ਸੰਮੇਲਨ ਹੋਵੇਗਾ । 11 ਨਵੰਬਰ ਨੂੰ ਰਾਗ ਦਰਬਾਰ ਹੋਵੇਗਾ । 12 ਨਵੰਬਰ ਨੂੰ ਮੁੱਖ ਸਮਾਗਮ ਹੋਵੇਗਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਹੋਰ ਹਸਤੀਆਂ ਗੁਰੂ ਸਾਹਿਬ ਅਤੇ ਸੰਗਤਾਂ ਦੇ ਦਰਸ਼ਨ ਕਰਨਗੀਆਂ ਅਤੇ 13 ਨਵੰਬਰ ਨੂੰ ਸਮਾਪਤੀ ਸਮਾਰੋਹ ਹੋਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ 13 ਅਗਸਤ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟ੍ਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਸੁਲਤਾਨਪੁਰ ਲੋਧੀ ਪੁੱਜ ਰਹੇ ਹਨ ਜੋ ਰੇਲਵੇ ਅਧਿਕਾਰੀਆਂ ਨਾਲ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਚਲਦੇ ਕੰਮਾਂ ਦਾ ਨਿਰੀਖਣ ਕਰਨਗੇ ਤੇ ਹੋਰ ਐਲਾਨ ਕਰਨਗੇ। ਇਸ ਤੋਂ ਇਲਾਵਾ ਇਤਿਹਾਸਕ ਗੁ. ਸ੍ਰੀ ਗੁਰੂ ਕਾ ਬਾਗ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਸੰਗਤਾਂ ਦੇ ਦਰਸ਼ਨਾਂ ਲਈ ਨਵਾਂ ਗੁਰਦੁਆਰਾ ਸਾਹਿਬ ਅਰਪਿਤ ਕਰਨਗੇ। ਇਸ ਮੌਕੇ ਜਥੇ. ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ, ਜਥੇ ਮੁਖਤਾਰ ਸਿੰਘ ਆਦਿ ਨੇ ਸ਼ਿਰਕਤ ਕੀਤੀ ।


shivani attri

Content Editor

Related News