SGPC ਚੋਣਾਂ ''ਚ ਇਕ ਵਾਰ ਫਿਰ ਦਿਸ ਸਕਦੈ ਸ਼੍ਰੋਮਣੀ ਅਕਾਲੀ ਦਲ ਖਿਲਾਫ ਮਹਾਗਠਜੋੜ

05/29/2019 1:48:23 PM

ਜਲੰਧਰ (ਬੁਲੰਦ)— ਲੋਕ ਸਭਾ ਚੋਣਾਂ 'ਚ ਤਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਖਿਲਾਫ ਟਕਸਾਲੀ ਅਕਾਲੀ ਦਲ, ਪੀ. ਡੀ. ਏ., ਲੋਕ ਇਨਸਾਫ ਪਾਰਟੀ ਅਤੇ 'ਆਪ' ਸਣੇ ਹੋਰ ਛੋਟੀਆਂ ਪਾਰਟੀਆਂ ਇਕਮੁੱਠ ਨਹੀਂ ਹੋ ਸਕੀਆਂ ਸਨ ਪਰ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਇਹ ਸਾਰੀਆਂ ਪਾਰਟੀਆਂ ਇਕਮੁੱਠ ਹੋ ਕੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਮੈਦਾਨ 'ਚ ਉਤਰਨ ਦੀ ਤਿਆਰੀ 'ਚ ਹਨ। ਇਸ ਬਾਰੇ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਐੱਸ. ਜੀ. ਪੀ. ਸੀ. ਚੋਣਾਂ ਜਲਦੀ ਤੋਂ ਜਲਦੀ ਕਰਵਾਉਣ ਤਾਂ ਜੋ ਅਕਾਲੀ ਦਲ ਬਾਦਲ ਇਸ ਦਾ ਸਿਆਸੀ ਲਾਭ ਨਾ ਲੈ ਸਕੇ।
ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਐੱਸ. ਜੀ. ਪੀ. ਸੀ. ਚੋਣਾਂ ਲਈ ਉਹ 'ਆਪ' ਅਤੇ ਪੀ. ਡੀ. ਏ. ਸਣੇ ਕਿਸੇ ਵੀ ਹੋਰ ਪਾਰਟੀ ਨਾਲ ਗਠਜੋੜ ਲਈ ਤਿਆਰ ਹਨ, ਬਸ਼ਰਤੇ ਕਿ ਉਹ ਅਕਾਲੀ ਦਲ ਬਾਦਲ ਨੂੰ ਮਾਤ ਦੇਣ 'ਚ ਸਮਰੱਥ ਹੋਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣਾ ਹੀ ਹੈ। ਉਨ੍ਹਾਂ ਇਥੋਂ ਤੱਕ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਜੇਕਰ ਨਵਜੋਤ ਸਿੰਘ ਸਿੱਧੂ ਵੀ ਉਨ੍ਹਾਂ ਨਾਲ ਜੁੜ ਸਕਣ ਤਾਂ ਚੰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਸਪੱਸ਼ਟ ਹੈ ਕਿ ਇਕਜੁੱਟਤਾ ਨਾ ਹੋ ਸਕਣਾ ਸਾਰਿਆਂ ਲਈ ਨੁਕਸਾਨਦਾਇਕ ਹੈ। ਬ੍ਰਹਮਪੁਰਾ ਨੇ ਕਿਹਾ ਕਿ ਉਹ ਸੁਖਪਾਲ ਖਹਿਰਾ ਅਤੇ ਭਗਵੰਤ ਮਾਨ ਨਾਲ ਲਗਾਤਾਰ ਸੰਪਰਕ 'ਚ ਹਨ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਫਰੈਂਡਲੀ ਮੈਚ ਖੇਡ ਰਹੇ ਹਨ, ਇਸ ਲਈ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਸੁਖਬੀਰ ਬਾਦਲ ਅਤੇ ਮਜੀਠੀਆ ਲਈ ਨਰਮ ਰੁਖ ਅਪਣਾ ਕੇ ਚੱਲ ਰਹੇ ਹਨ ਅਤੇ ਕੋਈ ਵੱਡਾ ਐਕਸ਼ਨ ਬੇਅਦਬੀ ਮਾਮਲੇ 'ਚ ਨਹੀਂ ਲਿਆ ਜਾ ਰਿਹਾ। ਉਨ੍ਹਾਂ ਸਾਫ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਜੋ ਦੋਸ਼ ਆਪਣੀ ਪਾਰਟੀ ਦੇ ਆਗੂਆਂ 'ਤੇ ਲਗਾਏ ਹਨ ਉਨ੍ਹਾਂ ਦੀ ਜਾਂਚ ਰਾਹੁਲ ਗਾਂਧੀ ਨੂੰ ਵੱਡੇ ਪੱਧਰ 'ਤੇ ਕਰਵਾਉਣੀ ਚਾਹੀਦੀ ਹੈ।


shivani attri

Content Editor

Related News