ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਭੁੱਖ ਹੜਤਾਲ ''ਤੇ ਬੈਠੀਆਂ 2 ਬੀਬੀਆਂ ਦੀ ਹਾਲਤ ਗੰਭੀਰ

Monday, Apr 01, 2019 - 05:24 PM (IST)

ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਭੁੱਖ ਹੜਤਾਲ ''ਤੇ ਬੈਠੀਆਂ 2 ਬੀਬੀਆਂ ਦੀ ਹਾਲਤ ਗੰਭੀਰ

ਅੰਮ੍ਰਿਤਸਰ (ਛੀਨਾ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਨੌਕਰੀ ਬਹਾਲੀ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਫਾਰਗ ਮੁਲਾਜ਼ਮਾ 'ਚੋਂ 2 ਸੇਵਾਦਾਰ ਬੀਬੀਆਂ ਮਨਜੀਤ ਕੌਰ ਤੇ ਰਾਜਵਿੰਦਰ ਕੌਰ ਦੀ ਅੱਜ ਹਾਲਤ ਗੰਭੀਰ ਹੋ ਗਈ ਜਿਨ੍ਹਾਂ ਨੂੰ ਤੁਰੰਤ ਐਬੂਲੈਂਸ ਰਾਹੀਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਗੱਲਬਾਤ ਕਰਦਿਆਂ ਫਾਰਗ ਮੁਲਾਜ਼ਮ ਸਮਸ਼ੇਰ ਸਿੰਘ ਤੇ ਸਾਥੀਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ 'ਚੋਂ ਨਿਯਮਾਂ ਦੇ ਉਲਟ ਭਰਤੀ ਦਾ ਬਹਾਨਾ ਬਣਾ ਕੇ ਸਾਨੂੰ 30 ਮਾਰਚ 2018 ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਫਾਰਗ ਮੁਲਾਜ਼ਮਾਂ ਵਲੋਂ 5 ਵਾਰ ਸ਼ਾਂਤਮਈ ਧਰਨੇ ਲਗਾਏ ਜਾ ਚੁੱਕੇ ਹਨ ਤੇ ਹਰ ਵਾਰ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰਾਂ, ਮੈਂਬਰਾਂ ਤੇ ਅਧਿਕਾਰੀਆ ਦੇ ਭਰੋਸੇ 'ਤੇ ਧਰਨਾ ਖਤਮ ਕੀਤਾ ਜਾਂਦਾ ਰਿਹਾ ਹੈ ਪਰ ਦੁਖਦਾਈ ਗੱਲ ਹੈ ਕਿ ਅੱਜ ਤੱਕ ਸਾਨੂੰ ਬਹਾਲ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਜੋਂ ਹੁਣ ਅਸੀਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਜੇਕਰ 4 ਅਪ੍ਰੈਲ ਤੱਕ ਸਾਨੂੰ ਬਹਾਲ ਨਾ ਕੀਤਾ ਤਾਂ 5 ਅਪ੍ਰੈਲ ਤੋਂ ਸਾਡੀ ਇਹ ਭੁੱਖ ਹੜਤਾਲ ਮਰਨ ਵਰਤ 'ਚ ਤਬਦੀਲ ਹੋ ਜਾਵੇਗੀ ਜਿਸ ਤੋਂ ਬਾਅਦ ਪੈਦਾ ਹੋਣ ਵਾਲੀ ਹਰ ਤਰ੍ਹਾਂ ਦੀ ਸਥਿਤੀ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਜਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਰਘੂਜੀਤ ਸਿੰਘ ਵਿਰਕ ਦੀ ਸਾਡੇ ਗਰੀਬਾਂ ਨਾਲ ਪਤਾ ਨਹੀ ਕਿਹੜੀ ਦੁਸ਼ਮਣੀ ਹੈ ਕਿ ਉਹ ਸਾਨੂੰ ਬਹਾਲ ਕਰਨ ਦੇ ਸਖਤ ਖਿਲਾਫ ਹਨ। 

ਫਾਰਗ ਮੁਲਾਜ਼ਮਾ ਨੂੰ ਬਹਾਲ ਕਰਨ ਦੇ ਹੱਕ 'ਚ ਹਾਂ : ਲੌਂਗੋਵਾਲ 
ਇਸ ਸਬੰਧ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਫਾਰਗ ਮੁਲਾਜ਼ਮਾ ਦਾ ਅਦਾਲਤ 'ਚ ਕੇਸ ਹੋਣ ਕਾਰਨ ਥੋੜਾ ਕੰਮ ਲੰਮਾ ਪੈ ਗਿਆ ਹੈ ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਬਹਾਲ ਕਰਨ ਦੇ ਹੱਕ 'ਚ ਹਾਂ ਤੇ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਬਹਾਲੀ ਦੇ ਯਤਨ ਕਰ ਰਹੀ ਹੈ। 

ਫਾਰਗ ਮੁਲਾਜ਼ਮਾ ਦੀ ਬਹਾਲੀ ਦਾ ਮੈਂ ਕਦੇ ਵੀ ਵਿਰੋਧ ਨਹੀਂ ਕੀਤਾ : ਵਿਰਕ
ਇਸ ਸਬੰਧ 'ਚ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਫਾਰਗ ਮੁਲਾਜ਼ਮਾ ਨੂੰ ਬਹਾਲ ਕਰਨਾ ਜਾਂ ਨਹੀਂ ਇਹ ਸਭ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਅਧਿਕਾਰ ਖੇਤਰ 'ਚ ਹੈ ਇਸ ਵਿਚ ਮੇਰਾ ਕੋਈ ਰੌਲ ਨਹੀ, ਮੈਂ ਫਾਰਗ ਮੁਲਾਜ਼ਮਾ ਦੀ ਬਹਾਲੀ ਦਾ ਕਦੇ ਵੀ ਵਿਰੋਧ ਨਹੀ ਕੀਤਾ। 


author

Shyna

Content Editor

Related News