ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਜਥੇਬੰਦੀਆਂ ਨੂੰ ਸਿਆਸੀ ਰੈਲੀਆਂ 'ਤੇ ਰੋਕ ਨਾ ਲਗਾਉਣ ਦੀ ਕੀਤੀ ਬੇਨਤੀ

Friday, Sep 10, 2021 - 09:40 PM (IST)

ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਜਥੇਬੰਦੀਆਂ ਨੂੰ ਸਿਆਸੀ ਰੈਲੀਆਂ 'ਤੇ ਰੋਕ ਨਾ ਲਗਾਉਣ ਦੀ ਕੀਤੀ ਬੇਨਤੀ

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੰਯੁਕਤ ਕਿਸਾਨ ਮੋਰਚੇ (ਐੱਸ. ਕੇ. ਐੱਮ.) ਨੂੰ ਆਖਿਆ ਕਿ ਉਹ ਪੰਜਾਬ ’ਚ ਸਿਆਸੀ ਗਤੀਵਿਧੀਆਂ ’ਤੇ ਰੋਕ ਨਾ ਲਗਾ ਕੇ ਮੋਰਚੇ ਦਾ ਕੌਮੀ ਸਰੂਪ ਕਾਇਮ ਰੱਖੇ ਅਤੇ ਪਾਰਟੀ ਨੇ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਸੰਘਰਸ਼ ਨੂੰ ਮਜ਼ਬੂਤ ਕਰਨ ਵਾਸਤੇ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ। ਇਥੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਤੀਨਿਧਾਂ ਨਾਲ ਵਿਸਥਾਰ ਸਹਿਤ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਪੰਜਾਬ ਤੱਕ ਸੀਮਤ ਕਰ ਕੇ ਬਾਅਦ ’ਚ ਇਥੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਫਿਰਾਕ ’ਚ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਕੌਮੀ ਪੱਧਰ ’ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਹੈ। ਦੇਸ਼ ਦੇ ਕਿਸੇ ਵੀ ਸੂਬੇ ’ਚ ਕਿਸਾਨ ਅੰਦੋਲਨ ਕਾਰਨ ਸਿਆਸੀ ਸਰਗਰਮੀਆਂ ਸੀਮਤ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਲੋਕਾਂ ’ਚ ਜਾਣਾ ਸਾਡਾ ਹੱਕ ਤੇ ਇਸ ’ਤੇ ਰੋਕ ਨਹੀਂ ਲਗਾਈ ਜਾਣੀ ਚਾਹੀਦੀ।

ਇਹ ਵੀ ਪੜ੍ਹੋ : ਦੁਬਈ ਜਾਣ ਵਾਲੇ 29 ਨੌਜਵਾਨ ਹੋਏ ਟ੍ਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ, ਟਿਕਟਾਂ ਤੇ ਵੀਜ਼ੇ ਨਿਕਲੇ ਜਾਅਲੀ (ਵੀਡੀਓ)

ਹੋਰ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ ਅਤੇ ਡਾ. ਦਲਜੀਤ ਸਿੰਘ ਚੀਮਾ, ਜੋ ਅਕਾਲੀ ਦਲ ਵੱਲੋਂ ਮੋਰਚੇ ਨੂੰ ਲਿਖੇ ਪੱਤਰ ਦੇ ਆਧਾਰ ’ਤੇ ਵਿਸ਼ੇਸ਼ ਤੌਰ ’ਤੇ ਹੋ ਰਹੀ ਮੀਟਿੰਗ ਵਿਚ ਸ਼ਾਮਲ ਹੋਏ, ਨੇ ਦੱਸਿਆ ਕਿ ਅਕਾਲੀ ਦਲ ਕਿਸਾਨ ਸੰਘਰਸ਼ ਨਾਲ ਡਟ ਕੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਕਿਸਾਨ ਲਹਿਰ ਕਿਸੇ ਵੀ ਤਰੀਕੇ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਅਸੀਂ ਇਹੋ ਜਿਹੇ ਕਿਸੇ ਵੀ ਦਿਨ ਰੈਲੀਆਂ ਨਹੀਂ ਰੱਖਾਂਗੇ, ਜਿਸ ਦਿਨ ਮੋਰਚਾ ਕੋਈ ਵਿਸ਼ੇਸ਼ ਪ੍ਰੋਗਰਾਮ ਦਾ ਐਲਾਨ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਬਾਰਡਰਾਂ ’ਤੇ ਰੋਸ ਧਰਨਿਆਂ ਵਾਲੀ ਥਾਂ ’ਤੇ ਆਪਣੇ ਕੇਡਰ ਭੇਜ ਕੇ ਸੰਘਰਸ਼ ਨੂੰ ਮਜ਼ਬੂਤ ਕਰਨ ਵਾਸਤੇ ਹਮਾਇਤ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਹਰ ਸਿਆਸੀ ਪਾਰਟੀ ਲਈ ਗਤੀਵਿਧੀਆਂ ਵਿਚ ਸ਼ਮੂਲੀਅਤ ਦੀ ਗਿਣਤੀ ਤੈਅ ਕਰਨ ਵਾਸਤੇ ਮੁਕਤ ਹੈ ਤੇ ਅਸੀਂ ਇਸ ਦੀ ਪਾਲਣਾ ਕਰਾਂਗੇ।

ਇਹ ਵੀ ਪੜ੍ਹੋ : ਕਰਨਾਲ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਮੀਟਿੰਗ ਖ਼ਤਮ, ਖਿੜੇ ਚਿਹਰਿਆਂ ਨਾਲ ਬਾਹਰ ਆਏ ਕਿਸਾਨ ਆਗੂ (ਵੀਡੀਓ)

ਪ੍ਰੋ. ਚੰਦੂਮਾਜਰਾ ਅਤੇ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਕਿਸੇ ਨਾਲ ਟਕਰਾਅ ਨਹੀਂ ਚਾਹੁੰਦਾ। ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਪਾਰਟੀ ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਨੇ ਬਾਘਾਪੁਰਾਣਾ ’ਚ ਰੈਲੀ ਕੀਤੀ ਤੇ ਕਾਂਗਰਸ ਨੇ ਕੱਲ ਖੇਮਕਰਨ ’ਚ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੀ ਸਰਕਾਰੀ ਪ੍ਰੋਗਰਾਮਾਂ ਰਾਹੀਂ ਆਪਣਾ ਪ੍ਰਚਾਰ ਕਰ ਰਹੀ ਹੈ, ਜਦਕਿ ਕਾਂਗਰਸ ਤੇ ‘ਆਪ’ ਨੇ ਵੱਡੀ ਪੱਧਰ ’ਤੇ ਇਸ਼ਤਿਹਾਰਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਇਹ ਅਕਾਲੀ ਦਲ ਦਾ ਹੱਕ ਹੈ ਕਿ ਉਹ ਕਿਸਾਨਾਂ, ਨੌਜਵਾਨਾਂ ਤੇ ਦਲਿਤਾਂ ਦੇ ਨਾਲ-ਨਾਲ ਵਪਾਰ ਤੇ ਉਦਯੋਗ ਦੇ ਹਿੱਤਾਂ ਦੀ ਰਾਖੀ ਵਾਸਤੇ ਲੋਕਾਂ ਤੱਕ ਪਹੁੰਚ ਕਰੇ।
 ਇਨ੍ਹਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਇਹ ਸੰਘਰਸ਼ ਜੋ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਇਆ ਸੀ ਤੇ ਫਿਰ ਹਰਿਆਣਾ ਤੇ ਦੇਸ਼ ਦੇ ਹੋਰ ਹਿੱਸਿਆਂ ’ਚ ਫੈਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇਸ ਸੰਘਰਸ਼ ਨੂੰ ਹੁਲਾਰਾ ਦੇਣ ਵਾਸਤੇ ਆਪਣੇ ਵੱਲੋਂ ਜੋ ਸੰਭਵ ਹੋਇਆ ਕੀਤਾ ਹੈ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਜ਼ਾਰਤ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਅਕਾਲੀ ਦਲ ਨੇ ਐੱਨ. ਡੀ. ਏ. ਗੱਠਜੋੜ ਵੀ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਲਹਿਰ ਨੂੰ ਇਕ ਰਾਜ ਤੱਕ ਸੀਮਤ ਕਰਨ ਦੀ ਥਾਂ ਇਸ ਲਹਿਰ ਨੁੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ ਹੈ।

ਅਕਾਲੀ ਦਲ ਦੇ ਪ੍ਰਤੀਨਿਧਾਂ ਨੇ ਇਸ ਸੁਝਾਅ ’ਤੇ ਵੀ ਸਹਿਮਤੀ ਪ੍ਰਗਟ ਕੀਤੀ ਕਿ ਪਾਰਟੀ ਦਾ ਚੋਣ ਮਨੋਰਥ ਪੱਤਰ ਕਾਨੂੰਨੀ ਦਸਤਾਵੇਜ਼ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਪਾਰਟੀ ਦੇ 13 ਨੁਕਾਤੀ ਏਜੰਡੇ ਮੁਤਾਬਕ ਵਾਅਦਿਆਂ ਦੀ ਪੂਰਤੀ ਵਾਸਤੇ ਪੂਰੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ਭਾਵੇਂ ਉਹ ਖੇਤੀਬਾੜੀ ਖੇਤਰ ਲਈ ਹੋਵੇ, ਸ਼ਗਨ ਸਕੀਮ ਹੋਵੇ ਜਾਂ ਆਟਾ ਦਾਲ ਸਕੀਮ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ ਕੀਤੇ ਸਾਰੇ ਵਾਅਦੇ ਨਿਭਾਏ ਹਨ ਤੇ ਅੱਗੇ ਵੀ ਨਿਭਾਵਾਂਗੇ।


author

Manoj

Content Editor

Related News