ਹੱਕ ਕਮੇਟੀ ਨੂੰ ਕਰਜ਼ਾ ਮੁਆਫੀ ਦਾ ਹੱਲ ਲੱਭਣ ਦੀ ਥਾਂ ਬਿਜਲੀ ਬਿੱਲ ਲਾਉਣ ਲਈ ਇਸਤੇਮਾਲ ਕੀਤਾ : ਅਕਾਲੀ ਦਲ

10/02/2017 9:22:39 AM

ਚੰਡੀਗੜ੍ਹ (ਪਰਾਸ਼ਰ)-ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਕਰਜ਼ਾ ਮੁਆਫੀ ਵਾਸਤੇ ਨੁਕਤੇ ਸੁਝਾਉਣ ਲਈ ਬਣਾਈ ਗਈ ਟੀ. ਹੱਕ ਕਮੇਟੀ ਦਾ ਇਸਤੇਮਾਲ ਪੰਜਾਬ ਦੇ ਕਿਸਾਨਾਂ ਉਤੇ ਬਿਜਲੀ ਬਿੱਲ ਲਾਉਣ ਲਈ ਕੀਤੇ ਜਾਣ ਵਾਸਤੇ ਅੱਜ ਕਾਂਗਰਸ ਸਰਕਾਰ ਨੂੰ ਝਾੜ ਪਾਈ।
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਡੂੰਘੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਪੰਜਾਬ ਦੇ ਕਿਸਾਨਾਂ ਦੀ ਹਾਲਤ ਸੁਧਾਰਨ ਵਾਸਤੇ ਨੁਕਤੇ ਸੁਝਾਉਣ ਲਈ ਬਣਾਈ ਟੀ. ਹੱਕ ਕਮੇਟੀ ਉਲਟਾ ਖੇਤੀਬਾੜੀ ਸਬਸਿਡੀ ਖ਼ਤਮ ਕਰਨ ਦੀ ਸਲਾਹ ਦੇ ਰਹੀ ਹੈ। ਅਜਿਹਾ ਅਫਸੋਸਨਾਕ ਵਰਤਾਰਾ ਸਿਰਫ ਸਰਕਾਰ ਦੇ ਇਸ਼ਾਰੇ ਉਤੇ ਹੀ ਵਰਤਾਇਆ ਗਿਆ ਹੋ ਸਕਦਾ ਹੈ, ਜਿਹੜੀ ਆਨੇ-ਬਹਾਨੇ ਮੁਫਤ ਬਿਜਲੀ ਦੀ ਸਹੂਲਤ ਖ਼ਤਮ ਕਰਨ ਲਈ ਤਰਲੋਮੱਛੀ ਹੋ ਰਹੀ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇਸ ਸਾਜ਼ਿਸ਼ ਨੂੰ ਸਿਰੇ ਚੜ੍ਹਾਉਣ ਲਈ ਹੱਕ ਕਮੇਟੀ ਦਾ ਇਸਤੇਮਾਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੱਕ ਕਮੇਟੀ ਵੱਲੋਂ ਸਰਕਾਰ ਨੂੰ ਇਕ ਮਹੀਨਾ ਪਹਿਲਾਂ ਦਿੱਤੀ ਰਿਪੋਰਟ, ਜਿਸ ਨੂੰ ਹੁਣ ਜਨਤਕ ਕੀਤਾ ਗਿਆ ਹੈ, ਦੀ ਰੌਸ਼ਨੀ 'ਚ ਕਾਂਗਰਸ ਸਰਕਾਰ ਅਤੇ ਇਸ ਦੇ ਮੰਤਰੀਆਂ ਦੀਆਂ ਤਾਜ਼ਾ ਕਾਰਵਾਈਆਂ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਕ ਜਨਤਕ ਬਿਆਨ ਦਿੱਤਾ ਹੈ ਕਿ ਕਿਸਾਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਉੱਤੇ ਬਿਜਲੀ ਦੇ ਬਿੱਲ ਲਾਏ ਜਾਣੇ ਚਾਹੀਦੇ ਹਨ। ਸਰਕਾਰ ਨੇ ਨਵੇਂ ਟਿਊਬਵੈੱਲ ਕੁਨੈਕਸ਼ਨਾਂ ਲਈ ਬਿਜਲੀ ਦੀ ਸਬਸਿਡੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਉੁਨ੍ਹਾਂ ਉਤੇ ਬਿਜਲੀ ਦੇ ਬਿੱਲ ਲਾਏ ਜਾਣਗੇ। ਖੇਤੀਬਾੜੀ ਸਬਸਿਡੀ 'ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ। ਵਿੱਤ ਮੰਤਰੀ ਨੇ ਲਗਾਤਾਰ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ।
ਸਰਕਾਰ ਨੂੰ ਅੱਗ ਨਾਲ ਖੇਡਣ ਤੋਂ ਵਰਜਦਿਆਂ ਡਾ. ਚੀਮਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਕਿਸਾਨਾਂ ਨੂੰ ਦਿੱਤੀ ਗਈ ਮੁਫਤ ਬਿਜਲੀ ਦੀ ਸਹੂਲਤ ਨੇ ਖੇਤੀ ਦੇ ਖਰਚਿਆਂ ਨੂੰ ਘੱਟ ਰੱਖਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਵਲੋਂ ਮੁਕੰਮਲ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਤੋਂ ਮੁੱਕਰ ਜਾਣ ਮਗਰੋਂ 250 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹੋਣ ਤਾਂ ਅਜਿਹੇ ਹਾਲਾਤ ਵਿਚ ਇਸ ਸਹੂਲਤ ਨੂੰ ਵਾਪਸ ਲੈਣਾ ਤਬਾਹਕੁੰਨ ਹੋਵੇਗਾ। ਉਨ੍ਹਾਂ ਕਿਹਾ ਕਿ ਹੱਕ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਨਾਂ 'ਤੇ ਖੇਤੀਬਾੜੀ ਕੁਨੈਕਸ਼ਨਾਂ 'ਤੇ ਬਿਜਲੀ ਦੇ ਬਿੱਲ ਸ਼ੁਰੂ ਕੀਤੇ ਜਾਣ ਦੀ ਸਾਜ਼ਿਸ਼ ਨੂੰ ਅਕਾਲੀ ਦਲ ਕਦੇ ਵੀ ਸਿਰੇ ਨਹੀਂ ਚੜ੍ਹਨ ਦੇਵੇਗਾ।


Related News