ਅਕਾਲੀ ਦਲ ਦਾ ਕੈਪਟਨ ਸਰਕਾਰ ''ਤੇ ਹਮਲਾ, ਰੇਤ ਦੀਆਂ ਕੀਮਤਾਂ ਨੇ ਰੇਤ ਵਾਂਗ ਕੇਰ ਸੁੱਟੀਆਂ ਲੋਕਾਂ ਦੀਆਂ ਉਮੀਦਾਂ
Monday, Jun 19, 2017 - 06:29 PM (IST)
ਬਾਘਾਪੁਰਾਣਾ(ਚਟਾਨੀ, ਮੁਨੀਸ਼)— ਅਕਾਲੀ ਦਲ ਦੇ ਆਗੂਆਂ ਨੇ ਰੇਤ ਦੇ ਮੁੱਦੇ 'ਤੇ ਕੈਪਟਨ ਸਰਕਾਰ ਨੂੰ ਚਾਰ-ਚੁਫੇਰਿਓਂ ਘੇਰਦਿਆਂ ਕਿਹਾ ਕਿ ਰੇਤ ਦੀਆਂ ਕੀਮਤਾਂ ਦੀ ਦੁਹਾਈ ਪਾ-ਪਾ ਕੇ ਲੋਕ ਮਨਾਂ 'ਚ ਅਕਾਲੀ-ਭਾਜਪਾ ਸਰਕਾਰ ਖਿਲਾਫ ਕੜਵਾਹਟ ਪੈਦਾ ਕਰਨ ਵਾਲੀ ਕਾਂਗਰਸ ਪਾਰਟੀ ਦੀ ਮੌਜੂਦਾ ਸਰਕਾਰ ਸਮੇਂ ਰੇਤ ਦੀਆਂ ਪਹਿਲਾਂ ਨਾਲੋਂ ਵੀ ਦੁੱਗਣੀਆਂ ਹੋਈਆਂ ਕੀਮਤਾਂ ਨੇ ਲੋਕਾਂ ਦੇ ਮੂੰਹ 'ਚ ਉਂਗਲਾਂ ਪਵਾ ਦਿੱਤੀਆਂ ਹਨ।
ਅਕਾਲੀ ਦਲ ਦੇ ਜ਼ਿਲਾ ਮੋਗਾ ਦੇ ਪ੍ਰਧਾਨ ਤੀਰਥ ਸਿੰਘ ਮਾਹਲਾ, ਸ਼ਹਿਰੀ ਪ੍ਰਧਾਨ ਪਵਨ ਢੰਡ, ਰਾਜਵੰਤ ਸਿੰਘ ਮਾਹਲਾ, ਬਲਤੇਜ ਲੰਗੇਆਣਾ ਨੇ ਕੈਪਟਨ ਸਰਕਾਰ 'ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮਹਿੰਗਾਈ ਦਰ ਨੂੰ ਸਰਕਾਰ ਦੇ ਗਠਨ ਦੇ ਪਹਿਲੇ ਦਿਨ ਹੀ ਥੱਲੇ ਲਿਆ ਸੁੱਟਣ ਦੇ ਨਾਅਰਿਆਂ ਅਤੇ ਝੂਠੇ ਵਾਅਦਿਆਂ 'ਚ ਫਸੇ ਲੋਕਾਂ ਦੀਆਂ ਉਮੀਦਾਂ ਰੇਤ ਦੇ ਮਾਮਲੇ 'ਚ ਰੇਤ ਵਾਂਗ ਕਿਰ ਗਈਆਂ ਹਨ। ਆਗੂਆਂ ਨੇ ਕਿਹਾ ਕਿ ਮਹਿੰਗੇ ਭਾਅ ਨਿਲਾਮ ਹੋਈਆਂ ਰੇਤ ਦੀਆਂ ਖੱਡਾਂ ਨਾਲ ਭਾਵੇਂ ਸਰਕਾਰੀ ਖਜ਼ਾਨਾ ਤਾਂ ਮਾਲੋਮਾਲ ਹੋ ਗਿਆ ਹੈ ਪਰ ਲੋਕਾਂ ਦੀਆਂ ਜੇਬਾਂ 'ਤੇ ਪੈਣ ਵਾਲਾ ਭਾਰ ਹੋਰ ਵੀ ਭਾਰਾ ਹੋ ਗਿਆ। ਅਕਾਲੀ ਆਗੂਆਂ ਨੇ ਕਿਹਾ ਕਿ 10 ਸਾਲ ਭ੍ਰਿਸ਼ਟਾਚਾਰ ਮੁਕਤ ਰਿਹਾ ਨਿਜ਼ਾਮ ਹੁਣ ਕੈਪਟਨ ਦੀ ਸਰਕਾਰ ਦੌਰਾਨ 3 ਮਹੀਨਿਆਂ 'ਚ ਭ੍ਰਿਸ਼ਟਾਚਾਰ ਦੀ ਦਲਦਲ 'ਚ ਧਸ ਗਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਬੇ-ਨਿਯਮੀਆਂ ਦੀਆਂ ਹੱਦਾਂ ਪਾਰ ਕਰਕੇ ਲੋਕਾਂ ਤੋਂ ਲੁੱਟੇ ਜਾ ਰਹੇ ਸਰਮਾਏ ਦੀਆਂ ਨਿੱਤ ਦਿਨ ਦੀਆਂ ਖਬਰਾਂ ਨੇ ਕੈਪਟਨ ਸਰਕਾਰ ਦਾ ਅਸਲੀ ਚਿਹਰਾ ਚੌਰਾਹੇ 'ਚ ਬੇਪਰਦ ਕਰ ਦਿੱਤਾ ਹੈ। ਉਨ੍ਹਾਂ ਦੀ ਪਾਰਟੀ ਕਾਂਗਰਸ ਸਰਕਾਰ ਦੇ ਇਸ ਵਰਤਾਰੇ ਨੂੰ ਲੋਕ ਕਚਹਿਰੀ 'ਚ ਪੇਸ਼ ਕਰਨ ਲਈ ਪ੍ਰੋਗਰਾਮ ਉਲੀਕ ਰਹੀ ਹੈ।
