ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੰਡੂਗਰ ਤੋਂ ਮੰਗਿਆ ਅਸਤੀਫਾ
Tuesday, Sep 12, 2017 - 11:43 AM (IST)
ਅੰਮ੍ਰਿਤਸਰ (ਮਮਤਾ) — ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀਂ ਬਾਲੀਵੁੱਡ ਫਿਲਮੀ ਅਭਿਨੇਤਰੀ ਸ਼ਿਲਪਾ ਸ਼ੈਟੀ ਤੇ ਸ਼ਮਿਤਾ ਸ਼ੈਟੀ ਦੇ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਣ ਦੌਰਾਨ ਐੱਸ. ਜੀ. ਪੀ. ਸੀ. ਅਧਿਕਾਰੀਆਂ ਵਲੋਂ ਦਿੱਤੇ ਗਏ ਖਾਸ ਮਹੱਤਵ ਦਾ ਸਖਤ ਨੋਟਿਸ ਲੈਂਦੇ ਹੋਏ ਇਸ ਦੇ ਲਈ ਐੱਸ. ਜੀ. ਪੀ. ਸੀ. ਪ੍ਰਧਾਨ ਪ੍ਰੋ. ਕਿਰਪਾਲ ਬਡੂੰਗਰ ਨੂੰ ਸੰਗਤ ਤੋਂ ਮੁਆਫੀ ਮੰਗਣ ਤੇ ਆਪਣੇ ਅਸਤੀਫਾ ਦੇਣ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਅੰਮ੍ਰਿਤਸਰ ਨੇ ਸ਼ਿਲਪਾ ਸ਼ੈਟੀ ਨੂੰ ਬਲਾਤਕਾਰੀ ਤੇ ਕਾਤਲ ਗੁਰਮੀਤ ਰਾਮ ਰਹੀਮ ਦੀ ਚਹੇਤੀ ਦੱਸ ਕੇ ਉਸ ਨੂੰ ਦਿੱਤੇ ਗਏ ਸਨਮਾਨ ਨੂੰ ਮਰਿਆਦਾ ਦੇ ਉਲਟ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਰਾਸ਼ਟਰੀ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਤੇ ਪ੍ਰੈਸ ਸਕੱਤਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਬੀਤੀ 25 ਅਗਸਤ ਤੋਂ ਲੈ ਕੇ 10 ਸਤੰਬਰ ਤਕ ਹੋਏ ਘਟਨਾਕ੍ਰਮ ਦੌਰਾਨ ਗੁਰਮੀਤ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਸਿਰਸਾ ਸਥਿਤ ਬੀਤੇ ਸਮੇਂ 'ਚ ਪਹੁੰਚ ਕੇ ਗੋਢੇ ਟੇਕਣ ਵਾਲੇ ਤੇ ਮ੍ਰਿਤ ਨੈਤਿਕਤਾ ਵਾਲੇ ਹਰੇਕ ਸਿਆਸੀ ਨੇਤਾ, ਖੇਡ ਸਟਾਰ ਤੇ ਫਿਲਮੀ ਹਸਤੀਆਂ ਤੋਂ ਇਲਾਵਾ ਹਰ ਖਾਸ ਵਿਅਕਤੀ ਦੀਆਂ ਤਸਵੀਰਾਂ ਪ੍ਰਿੰਟ ਤੇ ਇਲੈਕਟ੍ਰੋਨਿਕਸ ਮੀਡੀਆ 'ਤੇ ਵਾਇਰਲ ਹੋਈਆਂ।
ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਬਕ ਲੈਣਾ ਚਾਹੀਦਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਗੁਰਮੀਤ ਰਾਮ ਰਹੀਮ ਦੀ ਚਹੇਤੀ ਚੇਲੀ ਫਿਲਮ ਸਟਾਰ ਸ਼ਿਲਪਾ ਸ਼ੈਟੀ, ਸ਼ਮਿਤਾ ਸ਼ੈਟੀ ਆਦਿ ਨੂੰ ਖਾਸ ਮਹੱਤਵ ਦੇ ਕੇ ਇਸ਼ ਗੱਲ ਦਾ ਸਬੂਤ ਦਿੱਤਾ ਹੈ ਕਿ ਉਨ੍ਹਾਂ 'ਚ ਸੰਜੀਦਗੀ ਦੀ ਕਮੀ ਹੈ। ਇਸ ਤਰ੍ਹਾਂ ਲਗਦਾ ਹੈ ਕਿ ਸਾਰੀ ਕਮੇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ਦਾ ਜ਼ਮੀਰ ਮਰ ਚੁੱਕਾ ਹੈ। ਭਾਈ ਜਰਨੈਲ ਸਿੰਘ ਸਖੀਰਾ ਤੇ ਭਰਾ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਦੇ ਮਾਫੀਨਾਮੇ ਨੂੰ ਰੱਦ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਫ ਰਸਮ ਪੂਰੀ ਕੀਤੀ ਹੈ, ਜਦ ਕਿ ਇਸ ਦੀ ਬਾਗਡੋਰ ਗੁਰਮੀਤ ਰਾਮ ਰਹੀਮ ਦੇ ਚਹੇਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੱਥਾਂ 'ਚ ਹੋਣ ਦੇ ਸਿਲਸਿਲੇ ਦੇ ਚਲਦੇ ਫਿਰ ਇਹ ਗਲਤੀ ਦੋਹਰਾਈ ਗਈ ਹੈ।
