ਮਾਝੇ ਦੇ ਜਰਨੈਲ ਨੂੰ ਡੇਰਾ ਬਾਬਾ ਦੀ ਹਾਰ ਨੇ ਝੰਜੋੜਿਆ!

10/22/2017 9:44:58 AM

ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਗੁਰਦਾਸਪੁਰ ਉਪ ਲੋਕ ਸਭਾ ਚੋਣ ਵਿਚ ਹੋਈ ਹਾਰ ਨੂੰ ਕੋਈ ਦੋ ਹਫਤੇ ਬੀਤ ਗਏ ਹਨ ਪਰ ਅਜੇ ਤੱਕ ਇਸ ਹਾਰ ਦਾ ਅਸਰ ਸਿਆਸੀ ਗਲਿਆਰਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ।  ਤਾਜ਼ਾ ਜਾਣਕਾਰੀ ਮੁਤਾਬਕ ਗੁਰਦਾਸਪੁਰ ਲੋਕ ਸਭਾ ਹਲਕੇ ਨਾਲ ਸਬੰਧਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਸੁਨੀਲ ਜਾਖੜ ਦੀ 44 ਹਜ਼ਾਰ ਤੋਂ ਵੱਧ ਦੀ ਲੀਡ ਨੇ ਮਾਝੇ ਦੇ ਜਰਨੈਲ ਸ. ਮਜੀਠੀਆ ਨੂੰ ਵੱਡਾ ਅਤੇ ਤਕੜਾ ਝਟਕਾ ਦਿੱਤਾ ਹੈ, ਜਿਸ ਦੀ ਚਰਚਾ ਦੀਵਾਲੀ ਵਾਲੇ ਦਿਨ ਹੁੰਦੀ ਰਹੀ ਕਿਉਂਕਿ ਇਸ ਹਲਕੇ ਤੋਂ ਸੁੱਚਾ ਸਿੰਘ ਲੰਗਾਹ ਦੇ ਬਲਾਤਕਾਰ ਮਾਮਲੇ ਵਿਚ ਗ੍ਰਿਫਤਾਰ ਹੋਣ ਤੋਂ ਬਾਅਦ ਚੋਣ ਕਮਾਂਡ ਮਾਝੇ ਦੇ ਜਰਨੈਲ ਸ. ਮਜੀਠੀਆ ਨੇ ਸੰਭਾਲ ਲਈ ਸੀ ਤੇ ਸ. ਮਜੀਠੀਆ ਨੇ ਇਸ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ਨਾਲ ਸਿੱਧੀ ਸਿਆਸੀ ਟੱਕਰ ਲਈ ਸੀ ਤੇ ਇਸ ਹਲਕੇ ਦੀ ਜਿੱਤ-ਹਾਰ ਨੂੰ ਮਜੀਠੀਆ ਨੇ ਜ਼ਿੰਦਗੀ ਤੇ ਮੌਤ ਦਾ ਸਵਾਲ ਬਣਾ ਲਿਆ ਸੀ। ਪਤਾ ਲੱਗਾ ਹੈ ਕਿ ਪੰਜਾਬ ਭਰ ਤੋਂ ਸ. ਮਜੀਠੀਆ ਨੇ ਆਪਣੀ ਟੀਮ ਨੂੰ ਬੁਲਾ ਕੇ ਡੇਰਾ ਬਾਬਾ ਨਾਨਕ ਦੇ ਚੱਪੇ-ਚੱਪੇ ਵਿਚ ਉਤਾਰ ਦਿੱਤਾ ਸੀ।
ਇਸ ਹਲਕੇ ਵਿਚ ਸਭ ਤੋਂ ਵੱਧ ਵੋਟ ਪੋਲ ਹੋਣ 'ਤੇ ਇਕ ਵਾਰ ਤਾਂ ਇੰਝ ਲੱਗਾ ਸੀ ਕਿ ਸ. ਮਜੀਠੀਆ ਦਾ ਡੇਰਾ ਬਾਬਾ ਨਾਨਕ ਵਿਚ ਜਾਦੂ ਚੱਲ ਗਿਆ ਹੈ ਪਰ ਜਦੋਂ ਨਤੀਜਾ ਸਾਹਮਣੇ ਆਇਆ ਤਾਂ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਇਸ ਹਲਕੇ ਤੋਂ ਅਕਾਲੀ ਦਲ 44 ਹਜ਼ਾਰ ਵੋਟਾਂ ਨਾਲ ਹਾਰ ਗਿਆ। ਇਸ ਹਾਰ ਦਾ ਸਿੱਧਾ ਝਟਕਾ ਮਾਝੇ ਦੇ ਜਰਨੈਲ ਨੂੰ ਲੱਗਣਾ ਸੁਭਾਵਿਕ ਸੀ। ਬਾਕੀ ਇਸ ਹਲਕੇ ਦੇ ਕਾਂਗਰਸੀ ਵਿਧਾਇਕ ਰੰਧਾਵਾ ਨੇ ਵੀ ਜਿੱਤ ਤੋਂ ਬਾਅਦ ਐਲਾਨ ਕਰ ਦਿੱਤਾ ਕਿ ਉਹ ਡੇਰਾ ਬਾਬਾ ਨਾਨਕ ਤੋਂ ਅਸਤੀਫਾ ਦੇਣ ਲਈ ਤਿਆਰ ਹਨ। ਸ. ਮਜੀਠੀਆ ਹਲਕਾ ਮਜੀਠੇ ਤੋਂ ਅਸਤੀਫਾ ਦੇਣ। ਫਿਰ ਉਹ ਮੁੜੇ ਡੇਰਾ ਬਾਬਾ ਨਾਨਕ ਤੋਂ ਫਤਵਾ ਲੈਣ। ਦੇਖਦੇ ਹਾਂ ਕਿ ਜਿੱਤ ਕਿਸ ਦੀ ਹੁੰਦੀ ਹੈ। ਇਸ ਟਿੱਪਣੀ ਤੋਂ ਬਾਅਦ ਸ. ਮਜੀਠੀਏ ਦਾ ਕੋਈ ਵੀ ਬਿਆਨ ਮੀਡੀਆ 'ਚ ਨਾ ਆਉਣਾ ਅਤੇ ਉਸ ਦੀ ਖਾਮੋਸ਼ੀ ਇਸ ਗੱਲ ਦਾ ਸੰਕੇਤ ਹੈ ਕਿ ਉਸ ਵੱਲੋਂ ਡੇਰਾ ਬਾਬਾ ਨਾਨਕ ਵਿਚ ਹੱਦ ਤੋਂ ਵੱਧ ਕੀਤਾ ਦਾਅਵਾ ਪੁੱਠਾ ਪੈ ਗਿਆ।


Related News