ਭੁੱਲ ਬਖਸ਼ਾਉਣ ਦੇ ਐਪੀਸੋਡ ਤੋਂ ਬਾਅਦ ਅਕਾਲੀ-ਭਾਜਪਾ ''ਚ ਵਧੀ ਦੂਰੀ

Monday, Dec 10, 2018 - 01:01 PM (IST)

ਭੁੱਲ ਬਖਸ਼ਾਉਣ ਦੇ ਐਪੀਸੋਡ ਤੋਂ ਬਾਅਦ ਅਕਾਲੀ-ਭਾਜਪਾ ''ਚ ਵਧੀ ਦੂਰੀ

ਜਲੰਧਰ (ਰਵਿੰਦਰ)— ਪੰਜਾਬ ਦੀ ਸਿਆਸਤ 'ਚ 10 ਸਾਲਾਂ ਤੱਕ ਲਗਾਤਾਰ ਗਠਜੋੜ ਦੀ ਸਰਕਾਰ ਚਲਾਉਣ ਵਾਲੀਆਂ ਦੋ ਪਾਰਟੀਆਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਅੱਜਕਲ ਕੁਝ ਵੀ ਚੰਗਾ ਨਹੀਂ ਹੈ। ਬਰਗਾੜੀ ਕਾਂਡ ਤੋਂ ਬਾਅਦ ਹੀ ਭਾਜਪਾ ਨੇ ਖੁਦ ਨੂੰ ਅਕਾਲੀ ਦਲ ਦੀ ਹਰ ਸਰਗਰਮੀ ਤੋਂ ਵੱਖ ਕਰ ਲਿਆ ਸੀ ਅਤੇ ਹੁਣ ਭੁੱਲ ਬਖਸ਼ਾਉਣ ਵਾਲੇ ਐਪੀਸੋਡ ਤੋਂ ਬਾਅਦ ਤਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਦੂਰੀ ਬਹੁਤ ਵੱਧ ਗਈ ਹੈ। ਭਾਜਪਾ ਨੇਤਾ ਹੀ ਹੁਣ ਅਕਾਲੀ ਦਲ 'ਤੇ ਹਮਲਾ ਕਰਨ ਤੋਂ ਖੁੰਝ ਨਹੀਂ ਰਹੇ। ਭੁੱਲ ਬਖਸ਼ਾਉਣ ਵਾਲੇ ਐਪੀਸੋਡ 'ਤੇ ਭਾਜਪਾ ਨੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਸਰਕਾਰ ਭਾਵੇਂ ਦੋਵੇਂ ਪਾਰਟੀਆਂ ਚਲਾ ਰਹੀਆਂ ਸਨ ਪਰ ਗਲਤੀ ਸ਼ਾਇਦ ਅਕਾਲੀ ਦਲ ਨੇ ਕੀਤੀ ਹੋਵੇਗੀ, ਤਦ ਹੀ ਉਨ੍ਹਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੈ। ਇਸ ਲਈ ਭਾਜਪਾ ਕਿਉਂ ਮੁਆਫੀ ਮੰਗੇ। ਭਾਜਪਾ ਨੇ ਤਾਂ ਉਲਟਾ 10 ਸਾਲ ਗਠਜੋੜ 'ਚ ਰਹਿ ਕੇ ਮੂੰਹ 'ਤੇ ਤਾਲਾ ਲਗਾ ਕੇ ਆਪਣਾ ਵਜੂਦ ਹੀ ਘੱਟ ਕੀਤਾ ਹੈ ਅਤੇ ਲੋਕਾਂ ਦਾ ਭਵਿੱਖ ਖੋਹਿਆ ਹੈ। 

ਭਾਜਪਾ ਦੇ ਕਈ ਮੋਹਰੀ ਨੇਤਾਵਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਅਕਾਲੀ ਦਲ ਦੀ ਕਮਾਨ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ 'ਚ ਸੀ ਤਾਂ ਦੋਵਾਂ ਪਾਰਟੀਆਂ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਸੂਬੇ 'ਚ ਦੋਵੇਂ ਸਰਕਾਰਾਂ ਵੀ ਚੰਗਾ ਕੰਮ ਕਰ ਰਹੀਆਂ ਸਨ ਪਰ ਜਿਵੇਂ ਹੀ ਅਕਾਲੀ ਦਲ ਦੀ ਕਮਾਨ ਸੁਖਬੀਰ ਬਾਦਲ ਦੇ ਹੱਥ 'ਚ ਆਈ ਅਤੇ ਗਠਜੋੜ ਸਰਕਾਰ 'ਤੇ ਵੀ ਸੁਖਬੀਰ ਦਾ ਦਬਦਬਾ ਵਧਿਆ, ਉਸ ਤੋਂ ਬਾਅਦ ਇਸ ਸਰਕਾਰ ਨੂੰ ਘੁਮੰਢੀ ਸਰਕਾਰ ਕਿਹਾ ਜਾਣ ਲੱਗਾ ਅਤੇ ਡਰੱਗਜ਼ ਸਮੇਤ ਸਰਕਾਰ 'ਤੇ ਬੇਅਦਬੀ ਵਰਗੇ ਕਈ ਦੋਸ਼ ਲੱਗੇ ਪਰ ਸਰਕਾਰ ਕੁਝ ਨਾ ਕਰ ਸਕੀ। ਨਤੀਜੇ ਵਜੋਂ ਅਕਾਲੀ ਦਲ ਆਪਣੇ ਇਤਿਹਾਸ 'ਚ ਸਭ ਤੋਂ ਘੱਟ ਸੀਟਾਂ 'ਤੇ ਖਿਸਕ ਗਿਆ ਤਾਂ ਉਸ ਦੀ ਸਾਥੀ ਰਹੀ ਭਾਜਪਾ ਨੂੰ ਸਿਰਫ 3 ਸੀਟਾਂ ਹੀ ਸੂਬੇ 'ਚ ਮਿਲ ਸਕੀਆਂ।

ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਜਿਸ ਤਰ੍ਹਾਂ ਗੁਰਦਾਸਪੁਰ ਉੱਪ-ਚੋਣ 'ਚ ਭਾਜਪਾ ਨੂੰ ਬੁਰੀ ਹਾਰ ਮਿਲਣ ਤੋਂ ਬਾਅਦ ਸਾਰੀਆਂ ਨਗਰ ਨਿਗਮਾਂ 'ਚ ਭਾਜਪਾ ਅਤੇ ਅਕਾਲੀ ਦਲ ਦਾ ਸਫਾਇਆ ਹੋ ਗਿਆ, ਇਹ ਦੋਵਾਂ ਹੀ ਪਾਰਟੀਆਂ 'ਚ ਖਿੱਚਾਤਣੀ ਬਹੁਤ ਤੇਜ਼ ਕਰ ਗਿਆ। ਬਰਗਾੜੀ ਕਾਂਡ 'ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਤਾਂ ਅਕਾਲੀ ਦਲ ਦੀ ਸਿਆਸਤ ਨੂੰ ਜਿਵੇਂ ਗ੍ਰਹਿਣ ਲੱਗ ਗਿਆ ਹੋਵੇ। ਭਾਜਪਾ ਨੇ ਇਸ ਤੋਂ ਬਾਅਦ ਤਾਂ ਅਕਾਲੀ ਦਲ ਦੇ ਹਰ ਧਰਨੇ ਅਤੇ ਸਰਗਰਮੀਆਂ ਤੋਂ ਖੁਦ ਨੂੰ ਦੂਰ ਰੱਖਿਆ। ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਸਰਕਾਰ 'ਚ ਦੋਵੇਂ ਪਾਰਟੀਆਂ ਸਨ ਤਾਂ ਕੀ ਭਾਜਪਾ ਵੀ ਭੁੱਲ ਬਖਸ਼ਾਏਗੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋਵੇਂ ਆਜ਼ਾਦ ਪਾਰਟੀਆਂ ਹਨ ਅਤੇ ਗਠਜੋੜ ਕਾਮਨ ਮਿਨੀਮਮ ਪ੍ਰੋਗਰਾਮ 'ਤੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜੋ ਚਾਹੇ ਇਸ ਇਸ਼ੂ 'ਤੇ ਕਹੇ, ਭਾਜਪਾ ਇਸ 'ਤੇ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜ਼ਿੰਮੇਵਾਰੀ ਕੀ ਭਾਜਪਾ ਵੀ ਲਵੇਗੀ ਤਾਂ ਸ਼ਵੇਤ ਮਲਿਕ ਨੇ ਕਿਹਾ ਕਿ ਅਜੇ ਇਸ 'ਚ ਕੁਝ ਵੀ ਸਾਫ ਨਹੀਂ ਹੈ। 
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਕਈ ਕਿੰਤੂ-ਪ੍ਰੰਤੂ ਹੋ ਚੁੱਕੇ ਹਨ ਅਤੇ ਹੁਣ ਐੱਸ. ਆਈ. ਟੀ. 'ਤੇ ਵੀ ਕਈ ਸਵਾਲ ਉੱਠ ਰਹੇ ਹਨ। ਅਜਿਹੇ 'ਚ ਸੱਚਾਈ ਲੋਕਾਂ ਦੇ ਸਾਹਮਣੇ ਨਹੀਂ ਆ ਸਕਦੀ। 

ਸਾਬਕਾ ਸਰਕਾਰ ਦੀਆਂ ਨੀਤੀਆਂ 'ਤੇ ਜਮ ਕੇ ਵਰ੍ਹੇ ਸੀਨੀਅਰ ਆਗੂ 
ਸੂਬਾ ਭਾਜਪਾ ਦੇ ਸੀਨੀਅਰ ਆਗੂ ਅਤੇ ਭਾਰਤੀ ਮੋਰਚਾ ਆਲ-ਇੰਡੀਆ ਦੇ ਸਕੱਤਰ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਆਪਣੀ ਗੱਠਜੋੜ ਪਾਰਟੀ 'ਤੇ ਜਮ ਕੇ ਭੜਾਸ ਕੱਢੀ। ਉਨ੍ਹਾਂ ਨੇ ਕਿਹਾ ਕਿ ਬੀਤੇ ਸਮੇਂ 'ਚ ਅਕਾਲੀ ਦਲ ਅਤੇ ਭਾਜਪਾ ਗਠਜੋੜ ਸਰਕਾਰ 'ਚ ਭਾਜਪਾ ਲਈ ਤਜਰਬਾ ਬੇਹੱਦ ਬੁਰਾ ਰਿਹਾ। 10 ਸਾਲ 'ਚ ਭਾਜਪਾ ਦੇ 300 ਤੋਂ ਜ਼ਿਆਦਾ ਵਰਕਰਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਅਤੇ ਈਮਾਨਦਾਰ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ। ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਦਾ ਜ਼ਿਕਰ ਕਰਦੇ ਹੋਏ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਈਮਾਨਦਾਰੀ ਨੂੰ ਪੂਰਾ ਦੇਸ਼ ਜਾਣਦਾ ਹੈ ਪਰ ਕੁਝ ਆਗੂਆਂ ਦੀ ਸਿਫਾਰਿਸ਼ 'ਤੇ ਉਨ੍ਹਾਂ ਨੂੰ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਇਕ ਚਰਚਿਤ ਵਿਅਕਤੀ ਨੂੰ ਇਹ ਅਹੁਦਾ ਦੇ ਦਿੱਤਾ ਗਿਆ। ਬੀਤੇ ਸਮੇਂ 'ਚ ਗਠਜੋੜ ਸਰਕਾਰ ਦੇ ਸਮੇਂ ਪੰਜਾਬ ਟੈਕਨੀਕਲ ਯੂਨੀਵਰਸਿਟੀ 'ਚ ਸਾਰੇ ਨਿਯਮਾਂ ਨੂੰ ਨਜ਼ਰਅੰਦਾਜ ਕੀਤਾ ਗਿਆ। ਮਰਜ਼ੀ ਤੋਂ ਮਨਮਾਫਿਕ ਨੌਕਰੀਆਂ ਘਰਾਂ 'ਚ ਹੀ ਵੰਡ ਕੇ ਤਕਨੀਕੀ ਸਿੱਖਿਆ ਨੂੰ ਭਰਪੂਰ ਨੁਕਸਾਨ ਪਹੁੰਚਾਇਆ ਗਿਆ। ਬਾਦਲ ਪਰਿਵਾਰ 'ਤੇ ਹਮਲੇ ਕਰਦੇ ਹੋਏ ਗਰੇਵਾਲ ਨੇ ਕਿਹਾ ਕਿ 10 ਸਾਲਾਂ ਵਿਚ ਉਨ੍ਹਾਂ ਨੇ ਜੋ ਗੁਨਾਹ ਕੀਤੇ ਹਨ। ਉਸ ਦਾ ਵੇਰਵਾ ਤਾਂ ਜਨਤਾ ਦੇ ਸਾਹਮਣੇ ਉਹ ਰੱਖਣ। ਉਨ੍ਹਾਂ ਨੇ ਹਾਈਕਮਾਨ ਤੋਂ ਅਪੀਲ ਕੀਤੀ ਕਿ ਪੰਜਾਬ ਹਿੱਤ 'ਚ ਪਾਰਟੀ ਉਚਿੱਤ ਕਦਮ ਉਠਾਏ।


author

shivani attri

Content Editor

Related News