ਟਕਸਾਲੀ ਆਗੂਆਂ ਨੂੰ ਪਾਰਟੀ ''ਚੋਂ ਕੱਢਣ ਤੋਂ ਬਾਅਦ ਦੋਆਬਾ ਦੀ ਸਿਆਸਤ ''ਚ ਵੀ ਵਧੀ ਹਲਚਲ
Tuesday, Nov 13, 2018 - 02:08 PM (IST)
ਜਲੰਧਰ— ਬਹਿਬਲ ਕਲਾਂ ਗੋਲੀਕਾਂਡ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਣ ਤੋਂ ਬਾਅਦ ਪਾਰਟੀ 'ਚ ਬਗਾਵਤੀ ਸੁਰ ਉਫਾਨ 'ਤੇ ਹਨ। ਪਾਰਟੀ 'ਚੋਂ 8 ਦਿਨਾਂ ਦੇ ਅੰਦਰ ਤਿੰਨ ਟਕਸਾਲੀ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਉਣ 'ਤੇ ਦੋਆਬਾ ਦੇ ਅਕਾਲੀ ਆਗੂ ਵੀ ਨਾਰਾਜ਼ ਹਨ। ਦੋਆਬਾ ਦੀ ਰਾਜਨੀਤੀ 'ਚ ਹਲਚਲ ਮਚ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਹੁਣ ਸਿਰਫ ਪਰਿਵਾਰਕ ਮੈਂਬਰਾਂ ਦਾ ਗਰੁੱਪ ਬਣ ਕੇ ਰਹਿ ਗਈ ਹੈ।
ਖਾਸ ਗੱਲ ਇਹ ਹੈ ਕਿ ਇਸ ਸਭ ਕੁਝ ਅਚਾਨਕ ਨਹੀਂ ਹੋਇਆ ਹੈ। ਵਿਰੋਧ ਦੀ ਚੰਗਿਆੜੀ ਚਾਰ ਸਾਲ ਪਹਿਲਾਂ ਹੀ ਜਲੰਧਰ ਤੋਂ ਹੀ ਸੁਲਗੀ ਸੀ। ਦਰਅਸਲ ਸਾਲ 2014 'ਚ ਭੋਲਾ ਡਰੱਗ ਰੈਕੇਟ ਮਾਮਲੇ 'ਚ ਵਿਧਾਇਕ ਸਰਵਣ ਸਿੰਘ ਫਿਲੌਰ, ਸੀ. ਪੀ. ਐੱਸ. ਅਵਿਨਾਸ਼ ਚੰਦਰ ਅਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦਾ ਨਾਂ ਆਇਆ ਸੀ। ਇਸ ਦੌਰਾਨ ਅਕਾਲੀ ਦਲ ਨੇ ਆਪਣੀ ਸਾਖ ਬਚਾਉਣ ਲਈ ਸਰਵਣ ਸਿੰਘ ਅਤੇ ਅਵਿਨਾਸ਼ ਚੰਦਰ ਦਾ ਹੀ ਅਸਤੀਫਾ ਲਿਆ। ਪਾਰਟੀ 'ਚ ਅੰਦਰ ਖਾਤੇ ਉਦੋਂ ਤੋਂ ਹੀ ਇਹ ਮੁੱਦਾ ਉੱਠਣ ਲੱਗ ਗਿਆ ਸੀ ਕਿ ਸਰਵਣ ਸਿੰਘ ਅਤੇ ਅਵਿਨਾਸ਼ ਦੇ ਖਿਲਾਫ ਹੀ ਕਿਉਂ ਐਕਸ਼ਨ ਲਿਆ ਗਿਆ? ਇਸੇ ਕਰਕੇ ਹੁਣ ਤਿੰਨ ਟਕਸਾਲੀ ਨੇਤਾਵਾਂ ਨੂੰ ਪਾਰਟੀ 'ਚੋਂ ਕੱਢਣ 'ਤੇ ਦੋਆਬਾ ਦੇ ਅਕਾਲੀ ਲੀਡਰਾਂ 'ਚ ਨਾਰਾਜ਼ਗੀ ਪਾਈ ਜਾ ਰਹੀ ਹੈ। ਦੱਸ ਦੇਈਏ ਕਿ 6 ਵਾਰ ਵਿਧਾਇਕ ਅਤੇ ਤਿੰਨ ਵਾਰ ਮੰਤਰੀ ਰਹੇ ਸਰਵਣ ਸਿੰਘ ਦਾ ਦੋਆਬਾ 'ਚ ਪਾਰਟੀ ਨੂੰ ਮਜ਼ਬੂਤ ਕਰਨ ਦਾ ਅਹਿਮ ਯੋਗਦਾਨ ਹੈ।
ਜਾਣੋ ਕੀ-ਕੀ ਬੋਲੇ ਆਗੂ
ਲੋਕ ਕਰਦੇ ਨੇ ਅਕਾਲੀ ਦਲ ਤੋਂ ਨਫਰਤ, ਪ੍ਰਧਾਨ ਬਦਲਣ ਦੀ ਲੋੜ: ਸਰਵਣ ਸਿੰਘ
ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ। ਜਦੋਂ ਉਹ ਅਕਾਲੀ ਦਲ 'ਚ ਸਨ ਤਾਂ ਖੂਨ-ਪਸੀਨਾ ਇਕ ਕਰਕੇ ਪਾਰਟੀ ਨੂੰ ਖੜ੍ਹਾ ਕੀਤਾ ਸੀ। ਮੌਜੂਦਾ ਅਕਾਲੀ ਦਲ ਹੁਣ ਉਹ ਅਕਾਲੀ ਦਲ ਨਹੀਂ ਹੈ, ਜੋ ਪਹਿਲਾਂ ਸੀ। ਅੱਜ ਅਕਾਲੀ ਕਈ ਲੱਖਾਂ ਅਤੇ ਹਜ਼ਾਰਾਂ ਵੋਟਾਂ ਤੋਂ ਹਾਰ ਰਹੇ ਹਨ। ਅਕਾਲੀ ਦਲ ਦੇ ਕੋਲ ਸਿਰਫ 15 ਸੀਟਾਂ ਰਹਿਣਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਅਕਾਲੀ ਦਲ ਤੋਂ ਨਫਰਤ ਕਰਨ ਲੱਗੇ ਹਨ।
ਅਕਾਲੀ ਦਲ ਨੂੰ ਸੁਧਰਣ ਦੀ ਲੋੜ : ਚਰਨਜੀਤ ਸਿੰਘ ਚੰਨੀ
ਉਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਰਤਨ ਸਿੰਘ ਅਜਨਾਲਾ ਨਾਲ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਪਹਿਲਾਂ ਅਕਾਲੀ ਸਮਾਜ ਸੁਧਾਰਣ ਦਾ ਕੰਮ ਕਰਦੀ ਸੀ ਅਤੇ ਹੁਣ ਖੁਦ ਅਕਾਲੀ ਦਲ ਨੂੰ ਸੁਧਰਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਚੰਗੇ ਕੰਮ ਦਾ ਕ੍ਰੈਡਿਟ ਪ੍ਰਧਾਨ ਨੂੰ ਮਿਲਦਾ ਹੈ ਅਤੇ ਹੁਣ ਵੀ ਪ੍ਰਧਾਨ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਅਜਿਹਾ ਦੌਰ ਹਰ ਪਾਰਟੀ 'ਚ ਆਉਂਦਾ ਹੈ : ਪਵਨ ਟੀਨੂੰ
ਆਦਮਪੁਰ ਤੋਂ ਵਿਧਾਇਕ ਪਵਨ ਟੀਨੂੰ ਨੇ ਕਿਹਾ ਕਿ ਅਜਿਹਾ ਦੌਰ ਹਰ ਪਾਰਟੀ 'ਚ ਆਉਂਦਾ ਹੈ। ਸਾਲ 2012 'ਚ ਜਦੋਂ ਕਾਂਗਰਸ ਹਾਰੀ ਤਾਂ ਅਕਾਲੀ ਦਲ ਨੇ ਸਰਕਾਰ ਬਣਾਈ ਸੀ, ਉਸ ਸਮੇਂ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ 'ਚ ਤਕਰਾਰ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਜੋ ਵੀ ਪਾਰਟੀ ਵਿਰੋਧੀ ਧਿਰ 'ਚ ਰਹੀ ਹੈ ਉਸ 'ਚ ਪਾਰਟੀ ਵਿਰੋਧੀ ਸੁਰ ਉੱਠਣੇ ਲਾਜ਼ਮੀ ਹਨ। ਅਕਾਲੀ ਦਲ ਇਕ ਇਤਿਹਾਸਕ ਪਾਰਟੀ ਹੈ ਅਤੇ ਪਾਰਟੀ ਅਗਲੀ ਵਾਰ ਆਪਣੀ ਸਰਕਾਰ ਬਣਾਏਗੀ।
ਟਕਸਾਲੀ ਪਰਿਵਾਰਾਂ ਨੂੰ ਮਿਲਣੀ ਚਾਹੀਦੈ ਜ਼ਿੰਮੇਵਾਰੀ, ਪਹਿਲਕਦਮੀ ਕਰਨ ਵੱਡੇ ਬਾਦਲ: ਵਡਾਲਾ
ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਗੁਰਪ੍ਰਤਾਪ ਵਡਾਲਾ ਨੇ ਕਿਹਾ ਕਿ ਟਕਸਾਲੀ ਪਰਿਵਾਰਾਂ ਨੂੰ ਜ਼ਿੰਮੇਵਾਰੀ ਮਿਲਣੀ ਚਾਹੀਦੀ ਹੈ। ਜੇਕਰ ਟਕਸਾਲੀ ਨੇਤਾਵਾਂ ਨੂੰ ਪਾਰਟੀ ਵੱਡੇ ਫੈਸਲਿਆਂ 'ਚ ਸ਼ਾਮਲ ਕਰਦੀ ਤਾਂ ਅੱਜ ਇਹ ਨੌਬਤ ਨਾ ਆਉਂਦੀ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਨਾਲ ਟਕਸਾਲੀ ਵਰਕਰ ਅਤੇ ਸੀਨੀਅਰ ਲੀਡਰਸ਼ਿਪ ਦੀ ਇਕ ਸਲਾਹਕਾਰ ਕਮੇਟੀ ਬਣਨੀ ਚਾਹੀਦੀ ਹੈ ਅਤੇ ਇਸ ਦੇ ਲਈ ਪ੍ਰਕਾਸ਼ ਸਿੰਘ ਬਾਦਲਨੂੰ ਪਹਿਲਕਮਦੀ ਕਰਨੀ ਚਾਹੀਦੀ ਹੈ।