ਚੋਣਾਂ ਤਕ ਜਿੱਤ ਹੱਥੋਂ ਨਿਕਲਦੀ ਦਿਸੀ ਤਾਂ ਮੁੜ ਇਕ ਹੋ ਸਕਦੇ ਨੇ ਅਕਾਲੀ ਦਲ-ਭਾਜਪਾ !

09/21/2020 1:28:53 PM

ਜਲੰਧਰ (ਜ. ਬ.)— ਭਾਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਸਾਨੀ ਦੇ ਮੁੱਦੇ ਨੂੰ ਆਧਾਰ ਬਣਾ ਕੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਇਹ ਦਾਅ ਅਕਾਲੀ ਦਲ ਨੂੰ ਕਿਸ ਹੱਦ ਤਕ ਲਾਹੇਵੰਦ ਬੈਠਦਾ ਹੈ, ਇਸ ਦਾ ਵਿਸ਼ਲੇਸ਼ਣ ਕਰਨ ਲਈ ਅਜੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਕੋਲ ਕਾਫੀ ਸਮਾਂ ਹੈ। ਫ਼ਿਲਹਾਲ ਦੋਵਾਂ ਪਾਰਟੀਆਂ ਦੀ ਹਾਈਕਮਾਨ ਵੱਲੋਂ ਪਾਰਟੀ ਆਗੂਆਂ ਨੂੰ ਅੰਦਰਖਾਤੇ ਨਿਰਦੇਸ਼ ਜਾਰੀ ਹੋ ਚੁੱਕੇ ਹਨ ਕਿ ਦੋਵਾਂ ਪਾਰਟੀਆਂ ਵੱਲੋਂ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕਿਸੇ ਹੱਦ ਤਕ ਸੀਮਿਤ ਰਹਿਣੀ ਚਾਹੀਦੀ ਹੈ ਕਿਉਂਕਿ ਇਹ ਨਾ ਹੋਵੇ ਕਿ ਦੋਵੇਂ ਪਾਰਟੀਆਂ ਇਕ-ਦੂਜੇ ਦਾ ਜਲੂਸ ਕੱਢਣ ’ਚ ਹੀ ਸਾਰਾ ਜ਼ੋਰ ਲਾ ਦੇਣ ਅਤੇ ਕੋਈ ਤੀਜੀ ਪਾਰਟੀ ਪੰਜਾਬ ’ਚ ਸਰਕਾਰ ਬਣਾ ਜਾਵੇ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ

ਇਕ ਸਾਲ ਤਕ ਗਰਾਊਂਡ ਰਿਐਲਿਟੀ ਹੋਵੇਗੀ ਚੈੱਕ
ਅਕਾਲੀ ਦਲ-ਭਾਜਪਾ ਦਾ ਪੰਜਾਬ ’ਚ ਦਹਾਕਿਆਂ ਪੁਰਾਣਾ ਰਿਸ਼ਤਾ ਇਕਦਮ ਟੁੱਟ ਜਾਵੇ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਦੋਵੇਂ ਪਾਰਟੀਆਂ ਵੱਖ-ਵੱਖ ਚੋਣ ਲੜਨ, ਇਹ ਇਕ ਸੁਪਨਾ ਹੀ ਦਿਖਾਈ ਦੇ ਰਿਹਾ ਸੀ ਪਰ ਪਿਛਲੇ ਦਿਨੀਂ ਕਿਸਾਨ ਆਰਡੀਨੈਂਸ ਦੇ ਮੁੱਦੇ ’ਤੇ ਹਰਸਿਮਰਤ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ’ਚ ਲਗਾਤਾਰ ਅਜਿਹੇ ਹਾਲਾਤ ਬਣਦੇ ਜਾ ਰਹੇ ਹਨ ਕਿ ਦੋਵਾਂ ਪਾਰਟੀਆਂ ਲਈ ਇਕ-ਦੂਜੇ ਤੋਂ ਬਿਨਾਂ ਸੂਬੇ ’ਚ ਆਪਣੇ ਪੈਰ ਜਮਾਉਣ ਦੀ ਗਰਾਊਂਡ ਰਿਐਲਿਟੀ ਚੈੱਕ ਕਰਨ ਲਈ ਇਕ ਸਾਲ ਦੇ ਲਗਭਗ ਦਾ ਸਮਾਂ ਹੈ ਕਿਉਂਕਿ ਉਸ ਤੋਂ ਬਾਅਦ ਅਗਲੇ 6 ਮਹੀਨੇ ਤਾਂ ਪੰਜਾਬ ’ਚ ਪੂਰੀ ਤਰ੍ਹਾਂ ਚੋਣ ਮਾਹੌਲ ਬਣੇਗਾ। ਇਸ ਲਈ ਜਾਣਕਾਰ ਦੱਸਦੇ ਹਨ ਕਿ ਅਕਾਲੀ-ਭਾਜਪਾ ’ਚ ਅਗਲੇ ਇਕ ਸਾਲ ਤਕ ਲਗਾਤਾਰ ਇਹ ਰਿਐਲਿਟੀ ਚੈੱਕਅਪ ਚੱਲੇਗਾ ਕਿ ਆਖਿਰ ਕਿਹੜੀ ਪਾਰਟੀ ਦੂਜੀ ਤੋਂ ਬਿਨਾਂ ਪੰਜਾਬ ’ਚ ਕਿੰਨੀਆਂ ਸੀਟਾਂ ’ਤੇ ਕਬਜ਼ਾ ਜਮ੍ਹਾ ਸਕੇਗੀ। ਜਾਣਕਾਰ ਦੱਸਦੇ ਹਨ ਕਿ ਜੇਕਰ ਇਕ ਸਾਲ ਤਕ ਦੋਵਾਂ ਪਾਰਟੀਆਂ ਨੂੰ ਇਹ ਲੱਗਾ ਕਿ ਇਕ-ਦੂਜੇ ਤੋਂ ਬਿਨਾਂ ਪੰਜਾਬ ਵਿਚ ਉਨ੍ਹਾਂ ਦਾ ਆਧਾਰ ਕਾਇਮ ਰਹਿਣਾ ਮੁਸ਼ਕਿਲ ਹੈ ਅਤੇ ਸਰਕਾਰ ਬਣਾਉਣਾ ਅਸੰਭਵ ਹੈ ਤਾਂ ਕੋਈ ਸ਼ੱਕ ਨਹੀਂ ਕਿ ਦੋਵੇਂ ਪਾਰਟੀਆਂ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਗੱਠਜੋੜ ਕਰ ਲੈਣ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ’ਚ ਬੇਕਾਬੂ ਹੋ ਚੁੱਕੈ ਕੋਰੋਨਾ, ਜਾਣੋ ਕੀ ਨੇ ਤਾਜ਼ਾ ਹਾਲਾਤ

PunjabKesari

ਹੋਰ ਅਕਾਲੀ ਦਲ ਭਾਜਪਾ ਦੇ ਸੰਪਰਕ ’ਚ?
ਪੰਜਾਬ ਦੀ ਰਾਜਨੀਤੀ ਦੇ ਮਾਹਿਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਦਾ ਸਾਥ ਛੱਡਣ ਦੇ ਬਾਅਦ ਤੋਂ ਹੀ ਅਕਾਲੀ ਦਲ ਵੱਲੋਂ ਹੁਣ ਪੰਜਾਬ ਦੀਆਂ 117 ਸੀਟਾਂ ਦਾ ਅੰਦਰਖਾਤੇ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ 117 ਸੀਟਾਂ ਲਈ ਚਿਹਰਿਆਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ ਕਿ ਜੇਕਰ ਕਿਤੇ ਇਕੱਲਿਆਂ ਚੋਣ ਲੜਨੀ ਹੀ ਪਈ ਤਾਂ ਪੇਂਡੂ ਖੇਤਰਾਂ ’ਚ ਅਕਾਲੀ ਦਲ ਦੀ ਸਥਿਤੀ ਕੁਝ ਮਜ਼ਬੂਤ ਬਣ ਸਕਦੀ ਹੈ ਪਰ ਸ਼ਹਿਰੀ ਖੇਤਰਾਂ ਦੀਆਂ ਅਨੇਕ ਸੀਟਾਂ ’ਤੇ ਚੋਣ ਮਜ਼ਬੂਤੀ ਲਈ ਅਕਾਲੀ ਦਲ ਨੂੰ ਨਵੇਂ ਚਿਹਰਿਆਂ ਦੀ ਲੋੜ ਪਵੇਗੀ। ਭਾਜਪਾ ਨੂੰ ਸ਼ਹਿਰੀ ਖੇਤਰਾਂ ’ਚ ਸ਼ਾਇਦ ਕੁਝ ਸੀਟਾਂ ਮਿਲ ਸਕਣ ਪਰ ਪੇਂਡੂ ਖੇਤਰਾਂ ’ਚ ਆਰ. ਐੱਸ. ਐੱਸ. ਖ਼ਿਲਾਫ਼ ਜਿਸ ਤਰ੍ਹਾਂ ਦਾ ਗੁੱਸਾ ਹੈ, ਉਸ ਨੂੰ ਵੇਖਦੇ ਹੋਏ ਭਾਜਪਾ ਨੂੰ ਵੀ ਪਿੰਡਾਂ ’ਚੋਂ ਵੋਟਾਂ ਬਟੋਰਨ ਲਈ ਕਿਸੇ ਨਾ ਕਿਸੇ ਪਾਰਟੀ ਨਾਲ ਗੱਠਜੋੜ ਕਰਨਾ ਹੀ ਪਵੇਗਾ। ਅਕਾਲੀ ਦਲ (ਟਕਸਾਲੀ), ਢੀਂਡਸਾ ਗਰੁੱਪ ਦਾ ਡੈਮੋਕ੍ਰੇਟਿਕ ਅਕਾਲੀ ਦਲ ਵਰਗੀ ਪਾਰਟੀਆਂ ਬਦਲ ਸਾਬਤ ਹੋ ਸਕਦੀਆਂ ਹਨ। ਜਾਣਕਾਰਾਂ ਅਨੁਸਾਰ ਇਸ ਦੇ ਲਈ ਸਾਰਾ ਪਲਾਨ ਬਣ ਚੁੱਕਾ ਹੈ ਅਤੇ ਜੇਕਰ ਚੋਣਾਂ ਤਕ ਭਾਜਪਾ ਨੂੰ ਲੱਗਾ ਕਿ ਹੋਰ ਅਕਾਲੀ ਦਲ ਮਿਲ ਕੇ ਪਾਰਟੀ ਨੂੰ ਪੰਜਾਬ ਵਿਚ ਜਿੱਤ ਦਿਵਾਉਣ ਲਈ ਕਾਫੀ ਨਹੀਂ ਹਨ ਤਾਂ ਭਾਜਪਾ ਦੁਬਾਰਾ ਅਕਾਲੀ ਦਲ ਨਾਲ ਗੱਠਜੋੜ ਕਰ ਸਕਦੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ

PunjabKesari

ਭਾਜਪਾ ਦੇ ‘ਆਪ’ ਨਾਲ ਗਠਜੋੜ ਦੇ ਵੀ ਬਣ ਸਕਦੇ ਆਸਾਰ
ਦਿੱਲੀ ਅਤੇ ਪੰਜਾਬ ਦੀ ਰਾਜਨੀਤੀ ’ਤੇ ਤਿੱਖੀ ਨਜ਼ਰ ਰੱਖਣ ਵਾਲਿਆਂ ਦੀ ਮੰਨੀਏ ਤਾਂ ਅਕਾਲੀ ਦਲ-ਭਾਜਪਾ ਵਿਚਕਾਰ ਭਾਵੇਂ ਫ਼ਿਲਹਾਲ ਫਰੈਂਡਲੀ ਮਨਮੁਟਾਅ ਹੀ ਹੋਇਆ ਹੈ ਅਤੇ ਸਹਿਮਤੀ ਨਾਲ ਹੀ ਦੋਵੇਂ ਪਾਰਟੀਆਂ ਇਕ-ਦੂਜੇ ਖ਼ਿਲਾਫ਼ ਚੱਲ ਰਹੀਆਂ ਹਨ ਪਰ ਇਸ ਸਭ ਵਿਚਕਾਰ ਇਹ ਅਨੁਮਾਨ ਵੀ ਲਾਇਆ ਜਾ ਰਿਹਾ ਹੈ ਕਿ ਜੇਕਰ ਦੋਵਾਂ ਪਾਰਟੀਆਂ ਵਿਚਕਾਰ ਤਣਾਅ ਵਧਿਆ ਅਤੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦਾ ਵੀ ਅਕਾਲੀ ਦਲ ਬਾਦਲ ਖ਼ਿਲਾਫ਼ ਪਾਰਾ ਚੜਿ੍ਹਆ ਤਾਂ ਹੋ ਸਕਦਾ ਹੈ ਕਿ ਦੋਵਾਂ ਪਾਰਟੀਆਂ ਵਿਚਕਾਰ ਦੂਰੀਆਂ ਵਧਣ ਅਤੇ ਇਸ ਸਥਿਤੀ ’ਚ ਭਾਜਪਾ ਲਈ ਪੰਜਾਬ ਦੇ ਪਿੰਡਾਂ ’ਚ ਆਧਾਰ ਬਣਾਉਣ ਲਈ ਕਿਸੇ ਵੱਡੀ ਪਾਰਟੀ ਨਾਲ ਗੱਠਜੋੜ ਕਰਨਾ ਮਜਬੂਰੀ ਬਣ ਸਕਦਾ ਹੈ। ਅਜਿਹੀ ਸਥਿਤੀ ’ਚ ਭਾਜਪਾ ਲਈ ਆਮ ਆਦਮੀ ਪਾਰਟੀ ਇਕ ਅਹਿਮ ਬਦਲ ਸਾਬਤ ਹੋ ਸਕਦੀ ਹੈ। ਉਂਝ ਵੀ ‘ਆਪ’ ਸੁਪਰੀਮੋ ਕੇਜਰੀਵਾਲ ਦੇ ਨਰਿੰਦਰ ਮੋਦੀ ਨਾਲ ਰਿਸ਼ਤੇ ਲਗਾਤਾਰ ਸੁਧਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਸੁਧਰਦੇ ਰਿਸ਼ਤਿਆਂ ਦਾ ਦੋਵੇਂ ਪਾਰਟੀਆਂ ਪੰਜਾਬ ਵਿਚ ਫਾਇਦਾ ਉਠਾਉਂਦੀਆਂ ਹਨ ਜਾਂ ਨਹੀਂ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਜਾ ਰਹੇ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ


shivani attri

Content Editor

Related News