ਸਰਕਾਰੀ ਨੌਕਰੀਆਂ ਦੇ ਨਾਂ ''ਤੇ ਮੁੱਖ ਮੰਤਰੀ ਨੇ ਵਿਧਾਨ ਸਭਾ ਨੂੰ ਗੁੰਮਰਾਹ ਕੀਤਾ : ਅਕਾਲੀ ਦਲ

02/27/2020 1:07:01 PM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਨੂੰ ਗੁੰਮਰਾਹ ਕੀਤਾ ਹੈ। ਮੁੱਖ ਮੰਤਰੀ ਨੇ ਇਹ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਨੇ 57 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਜਦਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰ ਵਲੋਂ ਦਿੱਤੀਆਂ ਨੌਕਰੀਆਂ ਦੀ ਗਿਣਤੀ ਸਿਰਫ 33 ਹਜ਼ਾਰ ਹੈ। ਵਿਧਾਨ ਸਭਾ ਦੀ ਮੀਡੀਆ ਗੈਲਰੀ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਸਦਨ 'ਚ ਇਕ ਜੁਆਬ ਦਿੰਦਿਆਂ ਕਿਹਾ ਹੈ ਕਿ ਇਸ ਨੇ ਪਿਛਲੇ ਤਿੰਨ ਸਾਲਾਂ 'ਚ ਸਿਰਫ 33 ਹਜ਼ਾਰ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਸ ਨੇ 24 ਹਜ਼ਾਰ ਕਾਮਿਆਂ ਦੀ ਠੇਕੇ 'ਤੇ ਭਰਤੀ ਕੀਤੀ ਹੈ, ਜਿਨ੍ਹਾਂ ਦੀਆਂ ਸੇਵਾਵਾਂ ਨੂੰ ਕਿਸੇ ਵੀ ਸਮੇਂ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਘਰ-ਘਰ ਨੌਕਰੀ ਯੋਜਨਾ ਤਹਿਤ 12 ਲੱਖ ਨੌਕਰੀਆਂ ਦੇਣ ਦੇ ਦਾਅਵੇ ਦੀ ਫੂਕ ਨਿਕਲ ਗਈ ਹੈ ਅਤੇ ਇਹ ਸਿਰਫ 33 ਹਜ਼ਾਰ ਨੌਕਰੀਆਂ ਹੀ ਰਹਿ ਗਈਆਂ ਹਨ।

ਅਕਾਲੀ ਦਲ ਨੇ ਇਹ ਕਹਿੰਦਿਆਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ 'ਚ ਕੀਤੀ ਜਾ ਰਹੀ ਦੇਰੀ ਦੀ ਨਿਖੇਧੀ ਕੀਤੀ ਕਿ ਮੁੱਖ ਮੰਤਰੀ ਨੇ ਇਕ ਹੋਰ ਸਾਲ ਕਮਿਸ਼ਨ ਦੀ ਮੀਟਿੰਗ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ 'ਚ ਤਿੰਨ ਸਾਲ ਦੀ ਦੇਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਵਾਅਦੇ ਅਨੁਸਾਰ ਨਾ ਤਾਂ ਡੀ. ਏ. ਦੇ ਬਕਾਏ ਦਿੱਤੇ ਜਾ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ। ਢਿੱਲੋਂ ਅਤੇ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਿਛਲੇ ਤਿੰਨ ਸਾਲ ਦੌਰਾਨ ਸੂਬੇ ਅੰਦਰ 50 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੀ ਗੱਲ ਹਵਾ 'ਚੋਂ ਹੀ ਕੱਢ ਮਾਰੀ ਹੈ। ਜੇਕਰ ਸੂਬੇ 'ਚ ਇਕ ਵੀ ਨਿਵੇਸ਼ ਹੁੰਦਾ ਤਾਂ ਮੁੱਖ ਮੰਤਰੀ ਨੇ ਉਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਹੋਣਾ ਸੀ। ਅਕਾਲੀ ਆਗੂਆਂ ਨੇ ਕਿਹਾ ਕਿ 6 ਹਜ਼ਾਰ ਸਕੂਲਾਂ 'ਚ ਅੰਗਰੇਜ਼ੀ ਸ਼ੁਰੂ ਕਰਨ ਦਾ ਫੈਸਲਾ ਮਾਂ-ਬੋਲੀ ਪੰਜਾਬੀ ਦੇ ਹਿੱਤਾਂ ਦੇ ਖ਼ਿਲਾਫ਼ ਹੈ। ਇਸ ਨਾਲ ਪੰਜਾਬੀ ਨੁੱਕਰੇ ਲੱਗੇਗੀ, ਇਸ ਲਈ ਇਸ ਫੈਸਲੇ ਨੂੰ ਰੋਕ ਲੈਣਾ ਚਾਹੀਦਾ ਹੈ।


Anuradha

Content Editor

Related News