ਅਕਾਲੀ ਦਲ ਨੇ ਨਨਕਾਣਾ ਸਾਹਿਬ ''ਤੇ ਹੋਏ ਹਮਲੇ ਸਬੰਧੀ ਸਿੱਧੂ ਦੀ ਚੁੱਪ ''ਤੇ ਚੁੱਕੇ ਸਵਾਲ

Monday, Jan 06, 2020 - 09:49 AM (IST)

ਅਕਾਲੀ ਦਲ ਨੇ ਨਨਕਾਣਾ ਸਾਹਿਬ ''ਤੇ ਹੋਏ ਹਮਲੇ ਸਬੰਧੀ ਸਿੱਧੂ ਦੀ ਚੁੱਪ ''ਤੇ ਚੁੱਕੇ ਸਵਾਲ

ਚੰਡੀਗੜ੍ਹ (ਅਸ਼ਵਨੀ) - ਸ਼੍ਰੋਮਣੀ ਅਕਾਲੀ ਦਲ ਨੇ ਪਾਕਿ 'ਚ ਸਿੱਖਾਂ ਅਤੇ ਨਨਕਾਣਾ ਸਾਹਿਬ 'ਤੇ ਹੋਏ ਨਫ਼ਰਤੀ ਹਮਲੇ ਬਾਰੇ ਕਾਂਗਰਸੀ ਆਗੂ ਨਵਜੋਤ ਸਿਧੂ ਵਲੋਂ ਧਾਰੀ ਚੁੱਪ 'ਤੇ ਸੁਆਲ ਉਠਾਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਸਿਰਫ਼ ਪਾਕਿ ਫੌਜ ਅਤੇ ਆਈ. ਐੱਸ. ਆਈ. ਲਈ ਆਪਣੇ ਪਿਆਰ ਦਾ ਸਪੱਸ਼ਟੀਕਰਨ ਦੇਣ 'ਚ ਨਾਕਾਮ ਨਹੀਂ ਹੋਇਆ, ਸਗੋਂ ਉਸ ਨੇ ਇਹ ਵੀ ਸਾਬਿਤ ਕਰ ਦਿੱਤਾ ਕਿ ਉਹ ਆਪਣੇ ਦੇਸ਼ ਅਤੇ ਸਿੱਖਾਂ ਪ੍ਰਤੀ ਈਮਾਨਦਾਰ ਨਹੀਂ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਧੂ ਆਪਣੀ ਜ਼ਮੀਰ ਪਾਕਿ ਫੌਜ ਕੋਲ ਵੇਚ ਚੁੱਕਿਆ ਹੈ ਅਤੇ ਆਈ. ਐੱਸ. ਆਈ. ਵਲੋਂ ਆਪਣੀਆਂ ਭਾਰਤ-ਵਿਰੋਧੀ ਗਤੀਵਿਧੀਆਂ ਲਈ ਉਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਉਹ ਆਈ. ਐੱਸ. ਆਈ. ਦਾ ਬੁਲਾਰਾ ਬਣ ਚੁੱਕਿਆ ਹੈ ਅਤੇ ਉਸ ਨੇ ਪਾਕਿ 'ਚ ਰਹਿੰਦੇ ਆਪਣੇ ਸਿੱਖ ਭਰਾਵਾਂ ਅਤੇ ਉਨ੍ਹਾਂ ਦੀਆਂ ਤਕਲੀਫਾਂ ਵੱਲ ਪਿੱਠ ਮੋੜ ਲਈ ਹੈ।

ਪਾਕਿ 'ਚ 1 ਨਾਬਾਲਿਗ ਸਿੱਖ ਕੁੜੀ ਦੀ ਜ਼ਬਰਦਸਤੀ ਧਰਮ ਤਬਦੀਲੀ ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਜਿਨ੍ਹਾਂ 'ਚ ਪੀੜਤ ਪਰਿਵਾਰ ਨੂੰ ਮੌਤ ਦੀ ਧਮਕੀਆਂ ਮਿਲਣਾ, ਗੁਰਦੁਆਰਾ ਜਨਮ ਅਸਥਾਨ 'ਤੇ ਇੱਟਾਂ-ਰੋੜੇ ਮਾਰਨਾ ਅਤੇ ਪਵਿੱਤਰ ਨਗਰੀ ਨਨਕਾਣਾ ਸਾਹਿਬ ਦਾ ਨਾਂ ਬਦਲਣ ਦੀਆਂ ਧਮਕੀਆਂ ਦੇਣਾ ਆਦਿ 'ਤੇ ਸਿੱਧੂ ਵਲੋਂ ਧਾਰੀ ਚੁੱਪ ਦਾ ਜੁਆਬ ਮੰਗਿਆ। ਗਰੇਵਾਲ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਤੁਹਾਡੀਆਂ ਵਫ਼ਾਦਾਰੀਆਂ ਕਿਸ ਨਾਲ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦਾ ਕੋਈ ਵੀ ਸਿੱਖ ਸਿੱਖਾਂ ਦੀ ਜਬਰੀ ਧਰਮ ਤਬਦੀਲੀ ਅਤੇ ਪਵਿੱਤਰ ਗੁਰਧਾਮਾਂ 'ਤੇ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਿੱਖ ਸਿੱਧੂ ਵਰਗਿਆਂ ਨੂੰ ਕਦੇ ਮੁਆਫ ਨਹੀਂ ਕਰਨਗੇ, ਜਿਹੜੇ ਪਾਕਿਸਤਾਨ 'ਚ ਰਹਿੰਦੇ ਆਪਣੇ ਦੋਸਤਾਂ ਦੇ ਇਸ਼ਾਰਿਆਂ 'ਤੇ ਨੱਚਦੇ ਹਨ।

ਸਿੱਧੂ ਨੂੰ ਇਸ ਮਾਮਲੇ 'ਤੇ ਸਪੱਸ਼ਟੀਕਰਨ ਦੇਣ ਜਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਨੂੰ ਪਾਕਿਸਤਾਨੀ ਸਰਕਾਰ ਅਤੇ ਆਪਣੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੁਰੰਤ ਨਿਖੇਧੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪਾਕਿਸਤਾਨ 'ਚ ਜਬਰੀ ਧਰਮ ਤਬਦੀਲੀ ਅਤੇ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਖ਼ਿਲਾਫ਼ ਨਾ ਬੋਲਣ ਲਈ ਸਿੱਖਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।


author

rajwinder kaur

Content Editor

Related News