ਸਿੱਖ ਰਾਜਨੀਤੀ ''ਚ ਇਸ ਸਾਲ ਉਥਲ-ਪੁਥਲ ਦੇ ਆਸਾਰ, ਟਕਸਾਲੀ ਨਹੀਂ ਹੋਣਗੇ ਠੰਡੇ

01/01/2020 9:50:04 AM

ਲੁਧਿਆਣਾ (ਮੁੱਲਾਂਪੁਰੀ) - ਪੰਜਾਬ 'ਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜੋ ਲੰਬੇ ਸਮੇਂ ਤੋਂ ਪੰਜਾਬ 'ਚ ਰਾਜ ਭਾਗ ਭੋਗ ਚੁੱਕੀ ਹੈ, 'ਤੇ ਅੱਜਕਲ ਵਿਰੋਧੀ ਧਿਰ ਦੀ ਕੁਰਸੀ ਤੋਂ ਆਵਾਜਾਰ ਹੋ ਕੇ 15 ਵਿਧਾਇਕਾਂ 'ਤੇ ਸਿਮਟ ਕੇ ਪੰਜਾਬ 'ਚ ਤੀਜੇ ਨੰਬਰ ਦੀ ਪਾਰਟੀ ਬਣੀ ਹੋਈ ਹੈ। ਇਸ ਪਾਰਟੀ ਨੂੰ ਹੁਣ ਬਾਹਰੋਂ ਘੱਟ ਦੇ ਅੰਦਰੋਂ ਜ਼ਿਆਦਾ 'ਰਾਜਸੀ ਹੂਰੇ' ਵੱਜ ਸਕਦੇ ਹਨ ਕਿਉਂਕਿ ਜਿਸ ਤਰ੍ਹਾਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਚੜ੍ਹਦੇ ਸਾਲ ਜੋ ਨਵੇਂ ਖਤਰੇ ਅਤੇ ਅਕਾਲੀ ਦਲ ਦੇ ਪੋਤੜੇ ਫਰੋਲਣ ਦੀ ਗੱਲ ਆਖੀ ਹੈ। 

ਜੇਕਰ ਢੀਂਡਸਾ 2020 'ਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ 'ਤੇ ਟਕਸਾਲੀਆਂ ਦੇ ਆਗੂਆਂ ਦੀ ਰੂਪ ਰੇਖਾ ਤੇ ਅਕਾਲੀ ਦਲ ਤੋਂ ਇਲਾਵਾ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕਰਨ 'ਚ ਸਫਲ ਹੋ ਗਏ ਤਾਂ ਪੰਜਾਬ ਦੀ ਸਿੱਖ ਸਿਆਸਤ 'ਚ ਵੱਡੀ ਉਥਲ-ਪੁਥਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ 'ਚ ਲੋਕਾਂ 'ਚ ਭਰੋਸੇ ਵਾਲਾ ਜੇਕਰ ਕੋਈ ਸਿੱਖ ਨੇਤਾ ਵੱਡੇ ਕੱਦ ਦਾ ਹੈ, ਉਹ ਫਿਲਹਾਲ ਸਿੱਖ ਤੇ ਪੰਜਾਬੀ ਹਲਕੇ ਸ. ਢੀਂਡਸਾ ਨੂੰ ਦੇਖ ਰਹੇ ਹਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਵੇਂ 2022 'ਚ ਸੱਤਾ ਹਾਸਲ ਕਰਨ ਲਈ ਹੁਣ ਤੋਂ ਡਟੇ ਹੋਏ ਧਰਨੇ ਮੁਜ਼ਾਹਰੇ ਕਰ ਰਹੇ ਹਨ ਪਰ ਲੋਕਾਂ 'ਚ ਇਸ ਵਾਰ ਜਦੋਂ ਤੱਕ ਉਨ੍ਹਾਂ ਦਾ ਭਰੋਸਾ ਬਹਾਲ ਨਹੀਂ ਹੁੰਦਾ, ਉਦੋਂ ਤੱਕ ਟਕਸਾਲੀ ਤੇ ਹੋਰ ਸਿੱਖ ਧੜੇ ਇਸੇ ਤਰ੍ਹਾਂ ਬਗਾਵਤ ਦਾ ਝੰਡਾ ਚੁੱਕਣਗੇ।

ਇਨ੍ਹਾਂ ਸਾਰੀਆਂ ਰਾਜਸੀ ਗੱਲਾਂਬਾਤਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਪੰਜਾਬ 'ਚ ਸੱਤਾਧਾਰੀ ਕਾਂਗਰਸ ਤੋਂ ਖਫਾ ਹੋਏ ਵੋਟਰ ਹੁਣ ਅਕਾਲੀ ਦਲ ਵੱਲ ਜਾਣ ਤੋਂ ਪਹਿਲਾਂ ਪਿਛਲੇ ਅਕਾਲੀ ਦਲ ਦੇ 10 ਸਾਲਾ ਰਾਜ ਤੋਂ ਅਜੇ ਵੀ ਦੁਖੀ ਦੱਸੇ ਜਾ ਰਹੇ ਹਨ। ਇਸ ਲਈ ਕਿਧਰੇ ਟਕਸਾਲੀ ਤੇ ਉਨ੍ਹਾਂ ਦੇ ਹੋਰ ਹਮਖਿਆਲੀ ਇਨ੍ਹਾਂ ਵੋਟਰਾਂ ਤੇ ਸਪੋਰਟਰਾਂ ਨੂੰ ਆਪਣੇ ਵੱਲ ਨਾ ਖਿੱਚ ਲੈਣ। ਬਾਕੀ ਬਰਗਾੜੀ ਕਾਂਡ ਕਾਰਣ ਪੰਥਕ ਹਲਕੇ ਪਹਿਲਾਂ ਹੀ ਅਕਾਲੀ ਦਲ ਤੋਂ ਖਫਾ ਸਨ। ਹੁਣ ਨਾਗਰਿਕ ਬਿੱਲ 'ਤੇ ਅਕਾਲੀ ਦਲ ਨੇ ਵੋਟ ਪਾ ਕੇ ਘੱਟ ਗਿਣਤੀ ਮੁਸਲਮਾਨ ਭਾਈਚਾਰਾ ਤੇ ਕਾਲਜਾਂ ਦੇ ਵਿਦਿਆਰਥੀ ਵੀ ਰੱਜ ਕੇ ਨਾਰਾਜ਼ ਕਰ ਲਏ ਹਨ। ਇਸ ਲਈ 2020 'ਚ ਸਿੱਖ ਰਾਜਨੀਤੀ 'ਚ ਵੱਡੀ ਉਥਲ-ਪੁਥਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


rajwinder kaur

Content Editor

Related News