ਅਟਵਾਲ ਦੀ ਹਾਰ ਤੋਂ ਬਾਅਦ ਟਕਸਾਲੀ ਅਕਾਲੀਆਂ ਦਾ ਫੁੱਟਿਆ ਗੁੱਸਾ

Tuesday, May 28, 2019 - 12:14 PM (IST)

ਅਟਵਾਲ ਦੀ ਹਾਰ ਤੋਂ ਬਾਅਦ ਟਕਸਾਲੀ ਅਕਾਲੀਆਂ ਦਾ ਫੁੱਟਿਆ ਗੁੱਸਾ

ਜਲੰਧਰ (ਬੁਲੰਦ)— ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਜਿਸ ਤਰ੍ਹਾਂ ਜਲੰਧਰ ਸੀਟ ਤੋਂ ਅਕਾਲੀ-ਭਾਜਪਾ ਗਠਜੋੜ ਦੀ ਸ਼ਰਮਨਾਕ ਹਾਰ ਹੋਈ ਹੈ, ਉਸ ਦੇ ਬਾਅਦ ਤੋਂ ਹੀ ਪਾਰਟੀ 'ਚ ਅੰਦਰੂਨੀ ਵਿਰੋਧ ਦਾ ਲਾਵਾ ਫੁੱਟਣ ਲੱਗਾ ਹੈ। ਬੀਤੇ ਦਿਨੀਂ ਵਾਲੀਆ ਅਤੇ ਡਾ. ਥਿੰਦ ਨੇ ਦਿੱਲੀ ਜਾ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਜਲੰਧਰ ਸੀਟ ਦੀ ਹਾਰ ਦੀ ਸਾਰੀ ਰਿਪੋਰਟ ਸੌਂਪੀ ਸੀ। ਸੋਮਵਾਰ ਪਾਰਟੀ ਦੇ ਟਕਸਾਲੀ ਵਿੰਗ ਦੇ 2 ਬਜ਼ੁਰਗ ਨੇਤਾਵਾਂ ਜਥੇਦਾਰ ਅਜੀਤ ਸਿੰਘ ਅਤੇ ਸੁਦਰਸ਼ਨ ਸਿੰਘ ਨੇ ਕਿਹਾ ਕਿ ਪਾਰਟੀ ਲਈ ਜੇਲਾਂ ਕੱਟਣ ਵਾਲੇ ਟਕਸਾਲੀ ਵਰਕਰਾਂ ਨੂੰ ਦਰਕਿਨਾਰ ਕਰਨ ਦਾ ਹੀ ਨਤੀਜਾ ਹੈ ਕਿ ਪਹਿਲਾਂ ਪਾਰਟੀ ਵਿਧਾਨ ਸਭਾ 'ਚ ਬੁਰੀ ਤਰ੍ਹਾਂ ਹਾਰੀ ਅਤੇ ਹੁਣ ਲੋਕ ਸਭਾ 'ਚ ਸਿਰਫ 2 ਸੀਟਾਂ ਹੀ ਜਿੱਤ ਸਕੀ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਹ 1952 ਤੋਂ ਅਕਾਲੀ ਦਲ ਦੇ ਨਾਲ ਜੁੜੇ ਹਨ ਪਰ ਇਸ ਵਾਰ ਅਟਵਾਲ ਦੇ ਚੋਣ ਪ੍ਰਚਾਰ ਲਈ ਉਨ੍ਹਾਂ ਨੂੰ ਪਾਰਟੀ ਵੱਲੋਂ ਇਕ ਫੋਨ ਤੱਕ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅਟਵਾਲ ਦੇ ਚੋਣ ਦਫਤਰ 'ਚ ਜਾ ਕੇ ਉਨ੍ਹਾਂ ਨੇ ਜ਼ਿਲੇ ਦੀ ਸਾਰੀ ਰਿਪੋਰਟ ਦਿੱਤੀ ਪਰ ਕਿਸੇ ਨੇ ਉਸ 'ਤੇ ਅਮਲ ਨਹੀਂ ਕੀਤਾ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕਰਕੇ ਪਾਰਟੀ ਦੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਅਜਿਹੇ ਲੋਕਾਂ ਨੂੰ ਸੌਂਪ ਰੱਖੀ ਹੈ, ਜੋ ਖੁਦ ਹਾਰਦੇ ਆਏ ਹਨ ਅਤੇ ਦਾਗਦਾਰ ਰਹੇ ਹਨ। ਜਦਕਿ ਟਕਸਾਲੀ ਅਕਾਲੀ ਵਰਕਰਾਂ ਨੂੰ ਤਾਂ ਸਟੇਜ ਦੇ ਨੇੜੇ ਨਹੀਂ ਆਉਣ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਅਜੀਤ ਸਿੰਘ ਕੋਹਾੜ ਜਿਊਂਦੇ ਸਨ ਤਾਂ ਸ਼ਾਹਕੋਟ ਤੋਂ ਟਕਸਾਲੀ ਅਕਾਲੀਆਂ ਦੀ ਮਦਦ ਨਾਲ 30 ਹਜ਼ਾਰ ਦੀ ਲੀਡ ਮਿਲਦੀ ਸੀ ਪਰ ਗਲਤ ਨੀਤੀਆਂ ਕਾਰਣ ਇਸ ਵਾਰ 20 ਹਜ਼ਾਰ ਦੀ ਹਾਰ ਮਿਲੀ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਦੀ ਮਿਹਨਤ ਕਾਰਣ ਇਸ ਵਾਰ ਪਾਰਟੀ ਨੂੰ ਕਾਫੀ ਵੋਟ ਪਈ ਹੈ ਪਰ ਉਨ੍ਹਾਂ ਨਾਲ ਵੀ ਅਕਾਲੀ ਨੇਤਾਵਾਂ ਨੇ ਸਹੀ ਤਾਲਮੇਲ ਨਹੀਂ ਰੱਖਿਆ। ਜੇ ਇਹੀ ਚੱਲਦਾ ਰਿਹਾ ਤਾਂ 2022 'ਚ ਅਕਾਲੀ ਦਲ ਲਈ ਵਿਧਾਨ ਸਭਾ ਚੋਣਾਂ 'ਚ ਜਿੱਤ ਸਕਣਾ ਵੀ ਔਖਾ ਹੋ ਜਾਵੇਗਾ।


author

shivani attri

Content Editor

Related News