ਸੁਖਬੀਰ ਬਾਦਲ ਤੋਂ ਔਖੇ ਹੋਏ ਟਕਸਾਲੀਆਂ ''ਤੇ ਬੋਲੇ ਚਰਨਜੀਤ ਅਟਵਾਲ
Thursday, Mar 28, 2019 - 06:45 PM (IST)

ਜਲੰਧਰ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਔਖੇ ਹੋ ਕੇ ਪਾਰਟੀ 'ਚੋਂ ਨਿਕਲ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਸਣੇ ਸੀਨੀਅਰ ਟਕਸਾਲੀ ਲੀਡਰਾਂ 'ਤੇ ਬੋਲਦੇ ਹੋਏ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਪਾਰਟੀ 'ਚ ਮਤਭੇਦ ਹੁੰਦੇ ਰਹਿੰਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਪਾਰਟੀ 'ਚੋਂ ਬਾਹਰ ਚਲੇ ਜਾਓ। 'ਜਗ ਬਾਣੀ' ਨੂੰ ਦਿੱਤੇ ਗਏ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਕਿ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ 'ਚ ਪਾਰਟੀ ਦੀ ਕਮਾਨ ਸੀ ਤਾਂ ਉਦੋਂ ਵੀ ਪਾਰਟੀ 'ਚ ਆਗੂਆਂ ਦੀ ਕਦਰ ਹੁੰਦੀ ਸੀ ਅਤੇ ਹੁਣ ਵੀ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਜੋ ਕੁਝ ਵੀ ਉਨ੍ਹਾਂ ਨੇ ਜ਼ਿੰਦਗੀ 'ਚ ਪਾਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਹੀ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਸੀਨੀਅਰ ਲੀਡਰ ਪਾਰਟੀ 'ਚੋਂ ਗਏ ਹਨ, ਉਹ ਨਾ ਤਾਂ ਉਨ੍ਹਾਂ ਦੇ ਹਿੱਤ 'ਚ ਸੀ ਅਤੇ ਨਾ ਹੀ ਪਾਰਟੀ ਦੇ ਹਿੱਤ 'ਚ ਸੀ। ਅਟਵਾਲ ਨੇ ਕਿਹਾ ਕਿ ਜੋ ਵੀ ਵੱਡੇ ਮੇਰੇ ਭਰਾ ਪਾਰਟੀ 'ਚੋਂ ਗਏ ਹਨ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਸਗੋਂ ਪਾਰਟੀ 'ਚ ਰਹਿ ਕੇ ਉਹ ਜੋ ਚਾਹੁੰਦੇ ਕਰ ਲੈਂਦੇ।