ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਖਿਲਾਫ ਕਰੇਗਾ 15 ਰੈਲੀਆਂ

02/04/2020 7:17:41 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪਾਰਟੀ ਜਥੇਬੰਦਕ ਢਾਂਚਾ ਇਸ ਮਹੀਨੇ 'ਚ ਮੁਕੰਮਲ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਪ੍ਰੋਗਰਾਮਾਂ ਖਿਲਾਫ ਬਾਕੀ ਰਹਿੰਦੇ 15 ਜ਼ਿਲਿਆਂ 'ਚ ਰੋਸ ਧਰਨਿਆਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ।

ਇਸ ਬਾਬਤ ਫੈਸਲਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਵਿਧਾਇਕਾਂ, ਹਲਕਾ ਸੇਵਾਦਾਰਾਂ, ਜ਼ਿਲਾ ਪ੍ਰਧਾਨਾਂ ਤੇ ਹੋਰ ਸੀਨੀਅਰ ਅਹੁਦੇਦਾਰਾਂ ਨਾਲ ਹੋਈ ਮੀਟਿੰਗ 'ਚ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰੀ ਕੰਮਕਾਜ ਠੱਪ ਹੋ ਗਿਆ ਹੈ, ਵਿਕਾਸ ਕਾਰਜ ਰੁਕੇ ਹੋਏ ਹਨ, ਘਰੇਲੂ ਤੇ ਉਦਯੋਗਿਕ ਬਿਜਲੀ ਸਪਲਾਈ ਦਰਾਂ 'ਚ ਚੋਖਾ ਵਾਧਾ ਹੋਇਆ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋਈ ਹੈ। ਇਸ ਨਾਲ ਅਜਿਹਾ ਜਾਪਦਾ ਹੈ ਕਿ ਪੰਜਾਬ 'ਚ ਸਰਕਾਰ ਹੈ ਹੀ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੇ ਲੜੀਵਾਰ ਧਰਨਿਆਂ ਰਾਹੀਂ ਲੋਕਾਂ ਨੂੰ ਲਾਮਬੱਧ ਕਰ ਕੇ ਸਰਕਾਰ ਨੂੰ ਕਿਸਾਨਾਂ, ਨੌਜਵਾਨਾ ਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰ ਦੇਵੇਗਾ। ਮੀਟਿੰਗ ਦੇ ਵੇਰਵੇ ਦੱਸਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਡੈਲੀਗੇਟ ਸਰਕਲ ਤੇ ਜ਼ਿਲਾ ਜਥੇਬੰਦਕ ਦੀ ਚੋਣ ਪ੍ਰਕਿਰਿਆ ਪੂਰੀ ਕਰਨਗੇ ਤੇ ਇਹ ਸਾਰੀ ਪ੍ਰਕਿਰਿਆ ਇਕ ਮਹੀਨੇ ਦੇ ਅੰਦਰ-ਅੰਦਰ ਪੂਰੀ ਕੀਤੀ ਜਾਵੇਗੀ।

ਜਾਣੋ ਸ਼੍ਰੋਮਣੀ ਅਕਾਲੀ ਦਲ ਕਦੋ ਕਰੇਗੀ ਕਿਹੜੇ ਜਿਲੇ 'ਚ ਰੈਲੀ
ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਕਾਂਗਰਸ ਸਰਕਾਰ ਖਿਲਾਫ 'ਰੋਸ ਧਰਨਿਆਂ ਦੀ ਲਹਿਰ' ਹੋਰ ਤੇਜ਼ ਕੀਤੀ ਜਾਵੇ ਅਤੇ ਪਾਰਟੀ ਨੇ 15 ਜ਼ਿਲਿਆਂ ਵਿਚ 13 ਫਰਵਰੀ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ 11 ਅਪ੍ਰੈਲ ਨੂੰ ਮੋਹਾਲੀ ਵਿਖੇ ਸੰਪੰਨ ਹੋਣ ਵਾਲੇ ਧਰਨਿਆਂ ਦੀਆਂ ਤਾਰੀਕਾਂ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਪਹਿਲਾਂ ਸੱਤ ਜ਼ਿਲਿਆਂ ਵਿਚ ਧਰਨਿਆਂ ਦਾ ਪ੍ਰੋਗਰਾਮ ਮੁਕੰਮਲ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹਨਾਂ ਧਰਨਿਆਂ ਦੀ ਅਗਵਾਈ ਕਰਨਗੇ ਅਤੇ ਇਨ੍ਹਾਂ 'ਚ ਸੀਨੀਅਰ ਲੀਡਰਸ਼ਿਪ ਸ਼ਮੂਲੀਅਤ ਕਰੇਗੀ। ਤਾਰੀਕਾਂ ਦੇ ਵੇਰਵੇ ਦੱਸਦਿਆਂ ਡਾ. ਚੀਮਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ 13 ਫਰਵਰੀ, ਫਿਰੋਜ਼ਪੁਰ ਵਿਚ 25 ਫਰਵਰੀ, ਬਠਿੰਡਾ ਵਿਚ 29 ਫਰਵਰੀ, ਤਰਨਤਾਰਨ ਵਿਚ 4 ਮਾਰਚ, ਮਾਨਸਾ ਵਿਚ 7 ਮਾਰਚ, ਆਨੰਦਪੁਰ ਸਾਹਿਬ ਹੋਲਾ ਮਹੱਲਾ ਕਾਨਫਰੰਸ 9 ਮਾਰਚ ਨੂੰ, ਫਾਜ਼ਿਲਕਾ ਵਿਚ ਧਰਨਾ 10 ਮਾਰਚ, ਹੁਸ਼ਿਆਰਪੁਰ ਵਿਚ 14 ਮਾਰਚ, ਲੁਧਿਆਣਾ ਵਿਚ 15, ਕਪੂਰਥਲਾ ਵਿਚ 18, ਫਤਿਹਗੜ੍ਹ ਸਾਹਿਬ ਵਿਚ 21, ਨਵਾਂਸ਼ਹਿਰ ਵਿਚ 23, ਪਠਾਨਕੋਟ ਵਿਚ 28, ਜਲੰਧਰ ਵਿਖੇ 29 ਮਾਰਚ, ਗੁਰਦਾਸਪੁਰ ਵਿਚ 4 ਅਪ੍ਰੈਲ ਅਤੇ ਮੁਹਾਲੀ ਵਿਚ 11 ਅਪ੍ਰੈਲ ਨੂੰ ਜ਼ਿਲਾ ਪੱਧਰੀ ਰੋਸ ਧਰਨੇ ਦਿੱਤੇ ਜਾਣਗੇ।


Related News