ਚੋਣ ਕਮਿਸ਼ਨ 4 ਥਾਵਾਂ ''ਤੇ ਚੋਣਾਂ ਰੱਦ ਨਾ ਕਰਨ ਦੇ ਫੈਸਲੇ ਨੂੰ ਮੁੜ ਵਿਚਾਰੇ : ਅਕਾਲੀ ਦਲ

12/09/2017 10:22:06 AM

ਚੰਡੀਗੜ੍ਹ (ਪਰਾਸ਼ਰ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਜ ਚੋਣ ਕਮਿਸ਼ਨ (ਐੱਸ. ਈ. ਸੀ.) ਨੂੰ ਉਨ੍ਹਾਂ ਚਾਰ ਥਾਵਾਂ 'ਤੇ ਚੋਣਾਂ ਰੱਦ ਨਾ ਕਰਨ ਦੇ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ, ਜਿੱਥੇ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਦੇ ਕਾਗਜ਼ ਹੀ ਦਾਖਲ ਨਹੀਂ ਕਰਨ ਦਿੱਤੇ ਗਏ ।ਪਾਰਟੀ ਨੇ ਚੋਣ ਕਮਿਸ਼ਨ ਨੂੰ ਇਹ ਵੀ ਕਿਹਾ ਹੈ ਕਿ ਉਸ ਵਲੋਂ ਮਾਨਾਂਵਾਲਾ ਵਿਖੇ ਨਾਮਜ਼ਦਗੀ ਕਾਗਜ਼ ਭਰਨ ਦੀ ਮਿਆਦ ਵਿਚ ਕੀਤਾ ਗਿਆ ਵਾਧਾ ਬਹੁਤ ਥੋੜ੍ਹਾ ਅਤੇ ਬਹੁਤ ਦੇਰ ਨਾਲ ਕੀਤਾ ਗਿਆ ਹੈ, ਜਿਸ ਦਾ ਕੋਈ ਲਾਭ ਨਹੀਂ ਹੋਵੇਗਾ। 
ਇਸ ਸਬੰਧੀ ਅਕਾਲੀ ਦਲ ਦੇ ਇਕ ਵਫ਼ਦ, ਜਿਸ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਪਾਰਟੀ ਦਫ਼ਤਰ ਦੇ ਸਕੱਤਰ ਚਰਨਜੀਤ ਸਿੰਘ ਬਰਾੜ ਸ਼ਾਮਲ ਸਨ, ਨੇ ਸਟੇਟ ਚੋਣ ਕਮਿਸ਼ਨਰ ਜਗਦੇਵ ਸਿੰਘ ਸੰਧੂ ਨੂੰ ਇਕ ਮੈਮੋਰੰਡਮ ਦਿੱਤਾ ਅਤੇ ਉਨ੍ਹਾਂ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ, ਜਿਨ੍ਹਾਂ ਨੇ ਅਕਾਲੀ ਵਰਕਰਾਂ ਨਾਲ ਵਿਤਕਰੇਬਾਜ਼ੀ ਕੀਤੀ ਹੈ। 
ਮੈਮੋਰੰਡਮ ਵਿਚ ਕਮਿਸ਼ਨਰ ਨੂੰ ਇਹ ਵੀ ਕਿਹਾ ਕਿ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਅਕਾਲੀ ਵਰਕਰਾਂ ਖ਼ਿਲਾਫ ਦਰਜ ਕੀਤੇ ਗਏ ਸਾਰੇ ਝੂਠੇ ਕੇਸਾਂ ਨੂੰ ਵਾਪਸ ਲੈਣ ਅਤੇ ਹਿੰਸਾ ਕਰਨ ਵਾਲੇ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਖ਼ਿਲਾਫ ਢੁੱਕਵੇਂ ਕੇਸ ਦਰਜ ਕਰਨ ।
ਮੈਮੋਰੰਡਮ ਵਿਚ ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਦਾ ਵਫਦ ਪਹਿਲਾਂ ਵੀ ਐੱਸ. ਈ. ਸੀ. ਨੂੰ ਮਿਲ ਕੇ ਮਾਨਾਂਵਾਲਾ, ਮੱਖੂ, ਬਾਘਾਪੁਰਾਣਾ ਅਤੇ ਘਨੌਰ ਵਿਖੇ ਕੀਤੀ ਗਈ ਹਿੰਸਾ ਅਤੇ ਨਾਮਜ਼ਦਗੀ ਕਾਗਜ਼ਾਂ ਨੂੰ ਪਾੜਨ ਦੀਆਂ ਘਟਨਾਵਾਂ ਤੋਂ ਜਾਣੂ ਕਰਵਾ ਚੁੱਕਾ ਹੈ। ਵਾਹਨਾਂ ਦੀ ਭੰਨ-ਤੋੜ ਅਤੇ ਉਨ੍ਹਾਂ 'ਤੇ ਚਲਾਈਆਂ ਗੋਲੀਆਂ ਦੀਆਂ ਤਸਵੀਰਾਂ ਦੇ ਸਬੂਤ ਕਮਿਸ਼ਨ ਨੂੰ ਸੌਂਪੇ ਜਾਣ ਦੇ ਬਾਵਜੂਦ ਐੱਸ. ਈ. ਸੀ. ਨੇ ਇਨ੍ਹਾਂ 4 ਥਾਵਾਂ 'ਤੇ ਚੋਣ ਅਮਲ ਨੂੰ ਰੱਦ ਕਰਨਾ ਠੀਕ ਨਹੀਂ ਸਮਝਿਆ। ਇਸ ਮੌਕੇ ਡਾ. ਚੀਮਾ ਨੇ ਕਿਹਾ ਕਿ ਇਸ ਕਾਰਵਾਈ ਨਾਲ ਕਾਂਗਰਸੀਆਂ ਦੇ ਗੁੰਡਾਗਰਦੀ ਕਰਨ ਲਈ ਹੌਸਲੇ ਖੁੱਲ੍ਹ ਜਾਣਗੇ।


Related News