31 ਸਾਲ ਬਾਅਦ ਲੰਗਾਹ ਦੀ ਜਗਾ ਬਣੇਗਾ ਨਵਾਂ ਜ਼ਿਲਾ ਪ੍ਰਧਾਨ, ਸੰਸਪੈਂਸ ਬਰਕਰਾਰ

11/21/2017 3:46:04 PM

ਬਟਾਲਾ (ਸੈਂਡੀ, ਸਾਹਿਲ) — ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਨਵੇਂ ਜੱਥੇਬੰਦਕ ਢਾਂਚੇ ਦਾ ਐਲਾਨ ਕਰ ਰਿਹਾ ਹੈ ਤਾਂ ਅਜਿਹੇ 'ਚ ਹਰੇਕ ਸਿਆਸੀ ਗੁੱਟ ਦੀਆਂ ਨਜ਼ਰਾਂ ਜੱਥੇਦਾਰ ਲੰਗਾਹ ਦੇ ਅਸਤੀਫੇ ਤੋਂ ਬਾਅਦ ਗੁਰਦਾਸਪੁਰ ਦੀ ਜ਼ਿਲਾ ਪ੍ਰਧਾਨਗੀ 'ਤੇ ਹੈ। ਉਂਝ ਤਾਂ ਸਿਆਸਤ 'ਚ ਅਹੁਦਾ ਅਧਿਕਾਰੀਆਂ ਦੀ ਦੌੜ 'ਚ ਹਿੱਸਾ ਲੈਣ ਲਈ ਹਰੇਕ ਨੂੰ ਪੂਰੀ ਛੂਟ ਹੁੰਦੀ ਹੈ ਪਰ ਗੁਰਦਾਸਪੁਰ 'ਚ ਇਸ ਅਹੁਦੇ ਲਈ ਬਹੁਤ ਜ਼ਿਆਦਾ ਨਾਂ ਸਾਹਮਣੇ ਨਹੀਂ ਆ ਰਹੇ।
ਜ਼ਿਕਰਯੋਗ ਹੈ ਕਿ 1986 'ਚ ਸਵ. ਜੱਥੇਦਾਰ ਉਜਾਗਰ ਸਿੰਘ ਸੇਖਵਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ 'ਤੇ ਸੁੱਚਾ ਸਿੰਘ ਲੰਗਾਹ ਨੂੰ ਜ਼ਿਲੇ ਦੀ ਜੱਥੇਦਾਰੀ ਸੌਂਪੀ ਸੀ। ਉਸ ਤੋਂ ਬਾਅਦ ਕਦੇ ਵੀ ਅਜਿਹਾ ਮੌਕਾ ਨਹੀਂ ਆਇਆ, ਜਦ ਉਨ੍ਹਾਂ ਦੀ ਪ੍ਰਧਾਨਗੀ ਨੂੰ ਸਿੱਧੇ ਤੌਰ 'ਤੇ ਕੋਈ ਖਤਰਾ ਲਗਾ ਪਰ ਇਸ ਵਾਰ ਸੈਕਸ ਸੀ. ਡੀ. ਕਾਰਨ ਬੇਕਾਬੂ ਹੋਏ ਸਿਆਸੀ ਹਾਲਾਤ ਨੂੰ ਦੇਖਦੇ ਹੋਏ ਲੰਗਾਹ ਨੂੰ ਅਸਤੀਫਾ ਦੇਣਾ ਪਿਆ, ਜਿਸ 'ਤੇ ਪੂਰੇ 31 ਸਾਲ ਬਾਅਦ ਗੁਰਦਾਸਪੁਰ ਦਾ ਨਵਾਂ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ।
ਕਾਹਲੋਂ, ਸੇਖਵਾਂ, ਬਾਠ, ਬੱਬੇਹਾਲੀ ਨਿਭਾ ਸਕਦੇ ਹਨ ਅਹਿਮ ਰੋਲ
ਜਾਣਕਾਰਾਂ ਮੁਤਾਬਕ ਸਿਧਾਂਤਾ 'ਤੇ ਚਲਦੇ ਹੋਏ ਨਿਰਮਲ ਸਿੰਘ ਕਾਹਲੋਂ, ਜੱਥੇ, ਸੇਵਾ ਸਿੰਘ ਸੇਖਵਾਂ, ਕੈਪਟਨ ਬਲਬੀਰ ਸਿੰਘ ਬਾਠ, ਗੁਰਬਚਨ ਸਿੰਘ ਬੱਬੇਹਾਲੀ ਉਕਤ ਚੋਣਾਂ 'ਚ ਬਹੁਤ ਹੀ ਪਾਜ਼ੀਟਿਵ ਰੋਲ ਅਦਾ ਕਰਦੇ ਹੋਏ ਆਪਸੀ ਸਹਿਮਤੀ ਦੇ ਨਾਲ ਜ਼ਿਲਾ ਪ੍ਰਧਾਨ ਬਣਵਾ ਸਕਦੇ ਹਨ ਪਰ ਚਾਲਾਕ ਰਾਜਨੀਤੀ ਹਮੇਸ਼ਾ ਦਰਸਾਉਂਦੀ ਹੈ ਕਿ ਇਥੇ ਕੋਈ ਦਿਲ ਦਾ ਭੇਦ ਨਹੀਂ ਦਿੰਦਾ ਤੇ ਚਰਚਾ ਵੀ ਇਹ ਹੀ ਹੈ ਕਿ ਉਕਤ ਆਗੂ ਸੁਖਬੀਰ ਬਾਦਲ ਨੂੰ ਅਜੇ ਤਕ ਕੋਈ ਇਕ ਸਾਂਝਾ ਉਮੀਦਵਾਰ ਨਹੀਂ ਦੇ ਸਕੇ ਹਨ।
ਕਾਹਲੋਂ ਤੇ ਲੋਧੀਨੰਗਲ 'ਚ ਫੁੱਟ
ਬਹੁਤ ਹੀ ਅਹਿਮ ਸੂਤਰ ਦੱਸਦੇ ਹਨ ਕਿ ਉਕਤ ਪ੍ਰਧਾਨਗੀ ਨੂੰ ਲੈ ਕੇ ਸੁਖਬੀਰ ਬਾਦਲ ਲਈ ਜੇਕਰ ਕੋਈ ਮੁਸ਼ਕਲ ਹੈ ਤਾਂ ਉਹ ਹੈ ਕਾਹਲੋਂ ਤੇ ਲੋਧੀਨੰਗਲ ਦੀ ਆਪਸੀ ਫੁੱਟ। ਜਾਣਕਾਰ ਮੰਨਦੇ ਹਨ ਕਿ ਜ਼ਿਲੇ 'ਚ ਲੋਧੀਨੰਗਲ ਦੀ ਦਾਅਵੇਦਾਰੀ ਨੂੰ ਲੈ ਕੇ ਅੰਦਰਖਾਤੇ ਚਾਹੇ ਕੋਈ ਜ਼ਹਿਰ ਘੋਲਿਆ ਵੀ ਜਾਵੇ ਪਰ ਖੁੱਲ੍ਹ ਕੇ ਕੋਈ ਨਹੀਂ ਬੋਲੇਗਾ ਪਰ ਚਰਚਾ ਹੈ ਕਿ ਦੋਨਾਂ ਗੁੱਟਾਂ ਦੀ ਜਗਜਾਹਿਰ ਰੰਜਿਸ਼ ਦੇ ਚਲਦਿਆਂ ਕਾਹਲੋਂ ਹੀ ਲੋਧੀਨੰਗਲ ਦਾ ਡਟ ਕੇ ਵਿਰੋਧ ਕਰ ਸਕਦਾ ਹੈ। ਇਸ ਤੋਂ ਉਲਟ ਚਰਚਾ ਇਹ ਵੀ ਹੈ ਕਿ ਰਵੀਕਰਨ ਕਾਹਲੋਂ ਦੀ ਦਾਅਵੇਦਾਰੀ ਨੂੰ ਵੀ ਖੋਖਲਾ ਸਿਰਫ ਲੋਧੀਨੰਗਲ ਧੜਾ ਹੀ ਕਰ ਸਕਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜੇਕਰ ਸੁਖਬੀਰ ਬਾਦਲ ਉਕਤ ਦੋਨਾਂ ਅਹੁਦਾ ਅਧਿਕਾਰੀਆਂ 'ਚੋਂ ਕਿਸੇ ਇਕ ਨੂੰ ਨਾ ਚੁਣ ਕੇ ਕਿਸੇ ਹੋਰ ਚਿਹਰੇ ਨੂੰ ਅੱਗੇ ਲਿਆਉਂਦੇ ਹਨ ਤਾਂ ਫਿਰ ਸਿੱਧਾ ਇਹ ਲਗੇਗਾ ਕਿ ਪਾਰਟੀ ਪ੍ਰਧਾਨ ਇਨ੍ਹਾਂ ਦੀ ਗੁਟਬੰਦੀ ਦੇ ਅੱਗੇ ਝੁੱਕ ਗਿਆ ਹੈ।
ਸੀਨੀਅਰਾਂ 'ਚ ਲੋਧੀਨੰਗਲ ਰੇਸ 'ਚ ਸਭ ਤੋਂ ਅੱਗੇ
ਪ੍ਰਧਾਨਗੀ ਨੂੰ ਲੈ ਕੇ ਕਈ ਚਾਹਵਾਨ ਅੰਦਰੂਨੀ ਖਵਾਹਿਸ਼ਾਂ ਪਾਲੀ ਬੈਠੇ ਹੋਣਗੇ ਪਰ ਹਾਲ ਦੀ ਘੜੀ ਜਿਨ੍ਹਾਂ ਨਾਵਾਂ ਦੀ ਸਭ ਤੋਂ ਵੱਧ ਚਰਚਾ ਹੈ ਇਨ੍ਹਾਂ 'ਚ ਸੀਨੀਅਰਾਂ 'ਚੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦਾ ਨਾਂ ਦੌੜ 'ਚ ਸਭ ਤੋਂ ਅੱਗੇ ਚਲ ਰਿਹਾ ਹੈ। ਜੇਕਰ ਹਾਲਾਤ ਉਨ੍ਹਾਂ ਦੇ ਪੱਖ 'ਚ ਰਹੇ ਤਾਂ ਪਾਰਟੀ ਕਿਸੇ ਵੀ ਸਮੇਂ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਸਕਦੀ ਹੈ। ਮੌਜੂਦਾ ਹਾਲਾਤ ਵੀ ਲੋਧੀਨੰਗਲ ਦੇ ਪੱਖ 'ਚ ਇਸ ਲਈ ਜਾਂਦੇ ਹਨ ਕਿਉਂਕਿ ਪੂਰੇ ਜ਼ਿਲੇ 'ਚ ਨਾ ਸਿਰਫ ਅਕਾਲੀ ਦਲ ਦੇ ਇਕਲੌਤੇ ਐੱਮ. ਐੱਲ . ਏ. ਦੇ ਰੂਪ 'ਚ ਵਿਜੇਤਾ ਰਹੇ ਹਨ ਸਗੋਂ ਉਨ੍ਹਾਂ ਨੇ ਬਟਾਲਾ ਜਿਹੇ ਕੱਟਰ ਹਿੰਦੂ ਖੇਤਰ 'ਚ ਜਿੱਤ ਪ੍ਰਾਪਤ ਕਰਕੇ ਇਤਿਹਾਸ ਰਚਿਆ ਹੈ।
ਯੂਥ 'ਚ ਰਵੀਕਰਨ ਕਾਹਲੋਂ ਦੀ ਸੰਭਾਵਨਾ
ਸੂਤਰਾਂ ਤੇ ਜਾਣਕਾਰਾਂ ਮੁਤਾਬਕ ਜੇਕਰ ਪਾਰਟੀ ਯੂਥ ਚਿਹਰਾ ਅੱਗੇ ਲਿਆਉਂਦੀ ਹੈ ਤਾਂ ਅਜਿਹੇ 'ਚ ਸਾਬਕਾ ਚੇਅਰਮੈਨ ਟਿਊਬਵੈਲ ਕਾਰਪੋਰੇਸ਼ਨ ਪੰਜਾਬ ਰਵੀਕਰਨ ਸਿੰਘ ਕਾਹਲੋਂ ਪਾਰਟੀ ਦੀ ਪਹਿਲੀ ਪਸੰਦ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਰਵੀਕਰਨ ਨਾ ਸਿਰਫ ਸੁਖਬੀਰ ਬਾਦਲ ਦੀ ਗੁਡ ਬੁਕਸ 'ਚ ਹੈ ਸਗੋਂ ਆਪਣੇ ਪਿਤਾ ਤੇ ਪਾਰਟੀ ਦੇ ਲਈ ਹਰੇਕ ਚੋਣਾਂ ਅੱਗੇ ਹੋ ਕੇ ਲੜਨ ਦੇ ਕਾਰਨ ਉਨ੍ਹਾਂ ਦਾ ਤਜ਼ੁਰਬਾ ਵੀ ਬਾਕੀ ਦਾਅਵੇਦਾਰੀ ਨਾਲ ਉਨ੍ਹਾਂ ਨੂੰ ਅੱਗੇ ਲੈ ਜਾਂਦਾ ਹੈ। 


Related News