ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਡੀਆ ਇੰਚਾਰਜ਼ ਗੁਰਮੀਤ ਜੌਹਲ ਨੇ ਦਿੱਤਾ ਅਸਤੀਫਾ
Monday, Jan 13, 2020 - 09:35 PM (IST)
ਸੰਗਰੁਰ,(ਬੇਦੀ) : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ. ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਮੁਅੱਤਲ ਕਰਨ ਦੇ ਲਏ ਫੈਸਲੇ ਦੇ ਰੋਸ ਵਜੋਂ ਅੱਜ ਅਕਾਲੀ ਦਲ ਦੇ ਜ਼ਿਲ੍ਹਾ ਮੀਡੀਆ ਇੰਚਾਰਜ਼ ਗੁਰਮੀਤ ਸਿੰਘ ਜੌਹਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਐਲਾਨ ਕੀਤਾ ਹੈ ਕਿ ਉਹ ਢੀਂਡਸਾ ਪਰਿਵਾਰ ਨਾਲ ਹਮੇਸ਼ਾ ਡੱਟ ਕੇ ਖੜ੍ਹੇ ਰਹਿਣਗੇ ਅਤੇ ਉਨ੍ਹਾਂ ਦੀ ਸੋਚ 'ਤੇ ਡੱਟ ਕੇ ਪਹਿਰਾ ਦਿੰਦੇ ਹੋਏ ਪੰਥ ਦੀ ਚੜ੍ਹਦੀ ਕਲਾ ਅਤੇ ਲੋਕ ਹਿੱਤਾਂ ਲਈ ਸੰਘਰਸ਼ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਸ. ਜੌਹਲ ਪਿਛਲੇ 15 ਸਾਲਾਂ ਤੋਂ ਅਕਾਲੀ ਦਲ ਲਈ ਜ਼ਿਲ੍ਹਾ ਮੀਡੀਆ ਇੰਚਾਰਜ਼ ਦੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ।
ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਸ. ਜੌਹਲ ਨੇ ਕਿਹਾ ਕਿ ਹੱਕ ਸੱਚ ਦੀ ਆਵਾਜ ਬੁਲੰਦ ਕਰਨ ਅਤੇ ਜਬਰ ਜੁਲਮ ਖਿਲਾਫ ਡੱਟਣ ਵਾਲੀ ਜਥੇਬੰਦੀ ਦੀ ਮੌਜੂਦਾ ਅਖੌਤੀ ਲੀਡਰਸ਼ਿਪ ਨੇ ਹੱਕ ਸੱਚ ਦੀ ਆਵਾਜ ਉਠਾਉਣ, ਪੰਥ ਤੇ ਪੰਜਾਬ ਦਾ ਭਲਾ ਚਾਹੁਣ ਵਾਲੀ ਸਖਸ਼ੀਅਤ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਪਰਮਿੰਦਰ ਸਿੰਘ ਢੀਂਡਸਾ ਨੂੰ ਹੀ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਨੇ ਲੰਮਾ ਸਮਾਂ ਪਾਰਟੀ ਨੂੰ ਨਿੱਗਰ ਸੇਧ ਦਿੱਤੀ ਹੈ ਅਤੇ ਮਜ਼ਬੂਤ ਮੁਕਾਮ 'ਤੇ ਲਿਆ ਕੇ ਖੜ੍ਹਾ ਕੀਤਾ ਹੈ। ਸਿਤਮ ਦੀ ਗੱਲ ਹੈ ਕਿ ਅਜਿਹੇ ਆਗੂਆਂ ਨੇ ਇਹ ਕਾਰਵਾਈ ਕੀਤੀ ਹੈ, ਜਿਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਦੇਣ ਨਹੀਂ ਹੈ। ਅਜਿਹੀ ਲੀਡਰਸ਼ਿਪ ਤੋਂ ਪੰਥ ਤੇ ਪੰਜਾਬ ਦੇ ਭਲੇ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ।