ਬਾਦਲ ਪਰਿਵਾਰ ਦੇ ਸੋਹਲੇ ਭੂੰਦੜ ਨੂੰ ਫਿਰ ਪਏ ਪੁੱਠੇ

01/17/2020 9:08:36 PM

ਬਟਾਲਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵੱਲੋਂ ਦਿੱਤੇ ਬਿਆਨ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਖਿਆਂ ਨੇ ਬੰਦਾ ਸਿੰਘ ਬਹਾਦਰ ਦਾ ਸਿਰ ਵੱਢਿਆ ਸੀ, ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ 'ਚ ਖੁਦ ਗਲਤ ਇਤਿਹਾਸ ਦੱਸਣ ਵਾਲੇ ਭੂੰਦੜ ਨੇ ਹਾਜ਼ਰ ਸੰਗਤ ਨੂੰ ਇਤਿਹਾਸ ਪੜਨ ਲਈ ਆਖਦਿਆਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੇ ਸੱਤਵੀ ਪੀੜ੍ਹੀ ਦੇ ਪੁਰਖੇ ਫਤਹਿ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਵੱਢਿਆ ਸੀ। ਉਨ੍ਹਾਂ ਆਖਿਆ ਕਿ ਕੋਈ ਵੀ ਇਤਿਹਾਸਕਾਰ ਇਹ ਨਹੀਂ ਦੱਸਦਾ ਕਿ ਬਾਦਲ ਪਰਿਵਾਰ ਨੇ ਕਦੋਂ ਤੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਤੇ ਇਹ ਪਰਿਵਾਰ ਕਦੋਂ ਤੋਂ ਸਜ਼ਾ ਭੁਗਤ ਰਿਹਾ ਹੈ।

ਇਹ ਵੀਡੀਓ ਦੇਖਣ ਮਗਰੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਮੁੱਖ ਬੁਲਾਰੇ ਸੇਖਵਾਂ ਨੇ ਆਖਿਆ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰਦਿਆਂ ਜਿਹੜੇ ਦੋ ਨੌਜਵਾਨ ਗੋਲੀਆਂ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀਆਂ ਆਤਮਾਵਾਂ ਹੀ ਇਨ੍ਹਾਂ ਲੀਡਰਾਂ ਨੂੰ ਇਹ ਸਭ ਬੋਲਣ ਲਈ ਮਜ਼ਬੂਰ ਕਰ ਰਹੀਆਂ ਹਨ। ਉਨ੍ਹਾਂ ਆਖਿਆਂ ਕਿ ਇਹ ਬਾਦਲਾਂ ਦੇ ਮਾੜੇ ਦਿਨਾਂ ਦੀ ਨਿਸ਼ਾਨੀ ਹੈ ਕਿਉਂਕਿ ਇਹ ਇਤਿਹਾਸ ਨੂੰ ਤੋੜ ਮਰੋੜ ਕੇ ਸੰਗਤ ਸਾਹਮਣੇ ਪੇਸ਼ ਕਰ ਕੇ ਸੰਗਤ ਨੂੰ ਗੁੰਮਰਾਹ ਕਰਨ ਦੇ ਯਤਨਾਂ ਵਿਚ ਹਨ। ਸੇਖਵਾਂ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ 1716 ਵਿਚ ਗੁਰਦਾਸਪੁਰ ਜ਼ਿਲੇ ਦੇ ਗੁਰਦਾਸ ਨੰਗਲ ਤੋਂ ਤੁਰਕ ਫੌਜਾਂ ਨੇ ਕਈ ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਗ੍ਰਿਫਤਾਰ ਕੀਤਾ ਅਤੇ ਫਿਰ ਦਿੱਲੀ 'ਚ ਜਨਤਕ  ਤੌਰ 'ਤੇ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਲਦ ਹੀ ਉਨ੍ਹਾਂ ਦੀ ਪਾਰਟੀ ਵਲੋਂ 'ਪੰਜਾਬ ਬਚਾਓ, ਪੰਥ ਬਚਾਓ' ਦਾ ਵਿਸ਼ਾਲ ਕਾਫਲਾ ਕੱਢਿਆ ਜਾ ਰਿਹਾ ਹੈ, ਜੋ ਬਾਦਲਾਂ ਤੇ ਉਨ੍ਹਾਂ ਦੇ ਕਰੀਬੀਆਂ ਨੂੰ ਉਨ੍ਹਾਂ ਦੀ ਅਸਲ ਥਾਂ ਦਿਖਾ ਦੇਵੇਗਾ।

ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਕਿਹਾ ਕਿ ਬਾਦਲਾਂ ਦੇ ਕਿਸੇ ਇਕ ਵੀ ਵਡੇਰੇ ਦੀ ਕੋਈ ਕੁਰਬਾਨੀ ਨਹੀਂ ਹੈ। ਉਨ੍ਹਾਂ ਭੂੰਦੜ ਨੂੰ ਪੁੱਛਿਆ ਕਿ ਉਨ੍ਹਾਂ ਦੀ ਸਿੱਖ ਕੌਮ ਜਾ ਪਾਰਟੀ ਲਈ ਕੀ ਕੁਰਬਾਨੀ ਹੈ? ਪੰਜਾਬ ਦੇ ਲੋਕਾਂ ਨੂੰ ਦੱਸਣ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਭੂੰਦੜ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿ ਦਿੱਤਾ ਸੀ, ਜਿਸ ਤੋਂ ਬਾਅਦ ਅਕਾਲ ਤਖਤ ਵਲੋਂ ਉਸ ਨੂੰ ਧਾਰਮਿਕ ਸਜ਼ਾ ਲਗਾਈ ਗਈ ਸੀ।


 


Related News