ਨਾਜਾਇਜ਼ ਸਬੰਧਾਂ ਨੇ ਲਈ ਸ਼ਿੰਗਾਰਾ ਸਿੰਘ ਦੀ ਜਾਨ, ਔਰਤ ਸਣੇ 3 ਗ੍ਰਿਫਤਾਰ
Wednesday, Sep 20, 2017 - 03:10 AM (IST)

ਸੁਲਤਾਨਪੁਰ ਲੋਧੀ, (ਧੀਰ, ਸੋਢੀ)- ਸ਼ਿੰਗਾਰਾ ਸਿੰਘ ਪੁੱਤਰ ਗੁਰਦਿੱਤਾ ਸਿੰਘ ਵਾਸੀ ਖੈੜਾ ਦੋਨਾ ਦੇ ਕਤਲ ਦੀ ਗੁੱਥੀ ਨੂੰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਵੱਲੋਂ ਸੁਲਝਾਅ ਲਿਆ ਗਿਆ ਹੈ ਅਤੇ ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਥਾਣਾ ਸੁਲਤਾਨਪੁਰ ਲੋਧੀ ਤੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਿੰਗਾਰਾ ਸਿੰਘ ਦਾ ਕਤਲ ਔਰਤ ਨਾਲ ਨਾਜਾਇਜ਼ ਸਬੰਧਾਂ ਕਾਰਨ ਹੋਇਆ ਹੈ। ਕਤਲ ਦੇ ਸੰਬੰਧਿਤ ਦੋਸ਼ੀ ਬੂਟਾ ਸਿੰਘ ਪੁੱਤਰ ਪੂਰਨ ਦੀ ਪਤਨੀ ਕੁਲਵਿੰਦਰ ਕੌਰ ਉਰਫ ਰਾਜੀ ਦੇ ਨਾਲ ਸਬੰਧ ਸਨ ਜੋ ਅਕਸਰ ਰਾਤ ਨੂੰ ਉਸ ਨੂੰ ਮਿਲਣ ਵਾਸਤੇ ਜਾਂਦਾ ਸੀ ਅਤੇ ਕਤਲ ਵਾਲੀ ਰਾਤ ਵੀ ਸ਼ਿੰਗਾਰਾ ਸਿੰਘ ਕੁਲਵਿੰਦਰ ਕੌਰ ਨੂੰ ਮਿਲਣ ਉਸ ਦੇ ਘਰ ਗਿਆ ਸੀ।
ਸ਼ਿੰਗਾਰਾ ਸਿੰਘ ਨੇ ਕੀਤੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ : ਕੁਲਵਿੰਦਰ ਕੌਰ
ਪੁਲਸ ਨੂੰ ਦਿੱਤੇ ਗਏ ਕੁਲਵਿੰਦਰ ਕੌਰ ਦੇ ਬਿਆਨਾਂ ਮੁਤਾਬਕ ਸ਼ਿੰਗਾਰਾ ਸਿੰਘ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਸ ਦੇ ਕੱਪੜੇ ਵੀ ਪਾਟ ਗਏ। ਕੁਲਵਿੰਦਰ ਕੌਰ ਨੇ ਆਪਣੇ ਪਤੀ ਨੂੰ ਜਗਾਇਆ ਅਤੇ ਡੰਡੇ ਨਾਲ ਸ਼ਿੰਗਾਰਾ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਸ਼ਿੰਗਾਰਾ ਸਿੰਘ ਉਪਰ ਦਾਤਰੀ ਨਾਲ ਵੀ ਵਾਰ ਕੀਤੇ ਗਏ। ਇਸ ਉਪਰੰਤ ਦੋਵਾਂ ਨੇ ਸ਼ਿੰਗਾਰਾ ਸਿੰਘ ਦੀਆਂ ਲੱਤਾਂ ਅਤੇ ਬਾਹਾਂ ਬੰਨ੍ਹ ਕੇ ਗੱਡੇ ਨਾਲ ਬੰਨ੍ਹ ਦਿੱਤਾ ਅਤੇ ਨੇੜੇ ਸੁੱਤੇ ਪਏ ਪ੍ਰਵਾਸੀ ਮਜ਼ਦੂਰ ਪੱਪੂ ਨੂੰ ਜਗਾਇਆ, ਜਿਸ ਨੇ ਸ਼ਿੰਗਾਰਾ ਸਿੰਘ ਦੀ ਕੁੱਟਮਾਰ ਕੀਤੀ ਤੇ ਸ਼ਿੰਗਾਰਾ ਸਿੰਘ ਬੇਹੋਸ਼ ਹੋ ਗਿਆ। ਇਸੇ ਦੌਰਾਨ ਕੁਲਵਿੰਦਰ ਕੌਰ ਨੇ ਮਾਲਕ ਇਕਬਾਲ ਸਿੰਘ ਨੂੰ ਜਾ ਕੇ ਬੁਲਾ ਲਿਆਈ, ਜਿਸ ਨੇ ਆ ਕੇ ਸ਼ਿੰਗਾਰਾ ਸਿੰਘ ਨੂੰ ਵੇਖਿਆ ਜਿਸ ਦੀ ਹਾਲਤ ਬਹੁਤ ਖਰਾਬ ਸੀ। ਇਸ ਦੌਰਾਨ ਮਾਲਕ ਇਕਬਾਲ ਸ਼ਿੰਗਾਰਾ ਸਿੰਘ ਨੇ ਪ੍ਰਵਾਸੀ ਮਜ਼ਦੂਰ ਪੱਪੂ ਦੀ ਮਦਦ ਨਾਲ ਜ਼ਖਮੀ ਸ਼ਿੰਗਾਰਾ ਸਿੰਘ ਨੂੰ ਇਲਾਜ ਵਾਸਤੇ ਆਪਣੀ ਜੀਪ 'ਚ ਪਾਇਆ। ਇਸ ਦੌਰਾਨ ਰਾਹ 'ਚ ਜਾ ਰਹੇ ਪਿੰਡ ਵਾਸੀ ਇਕਬਾਲ ਸਿੰਘ ਉਰਫ ਕਾਲਾ ਤੇ ਉਸਦੇ ਪਿਤਾ ਮਲਵਈ ਨੂੰ ਵੀ ਮਾਲਕ ਇਕਬਾਲ ਨੇ ਆਪਣੇ ਨਾਲ ਲੈ ਲਿਆ। ਉਹ ਇਲਾਜ ਲਈ ਸ਼ਿੰਗਾਰਾ ਸਿੰਘ ਨੂੰ ਖੈੜਾ ਦੋਨਾਂ ਸਥਿਤ ਡਾਕਟਰ ਦੇ ਕੋਲ ਲੈ ਕੇ ਗਏ। ਜਿਥੇ ਡਾਕਟਰ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ, ਤੇ ਫਿਰ ਉਹ ਮ੍ਰਿਤਕ ਸ਼ਿੰਗਾਰਾ ਸਿੰਘ ਨੂੰ ਉਸ ਦੇ ਘਰ ਲੈ ਗਏ। ਪੁਲਸ ਨੇ ਦੋਸ਼ੀ ਕੁਲਵਿੰਦਰ ਕੌਰ ਉਰਫ ਰਾਜੀ, ੁਉਸਦੇ ਪਤੀ ਬੂਟਾ ਉਰਫ ਮਧੂ ਵਾਸੀ ਕੜ੍ਹਾਲ ਕਲਾਂ,ਪੱਪੂ ਕੁਮਾਰ ਝਾਅ ਪੁੱਤਰ ਹਜ਼ੂਰਾ ਨੂੰ ਗ੍ਰਿਫਤਾਰ ਕਰ ਲਿਆ ਹੈ।