ਸਿੱਖਿਆ ਵਿਭਾਗ ਵੱਲੋਂ ਸਰਕਾਰੀ ਕੰਮਕਾਰ ਪੰਜਾਬੀ ''ਚ ਕਰਨ ਦੇ ਹੁਕਮ

Friday, Jan 10, 2020 - 10:40 AM (IST)

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਕੰਮਕਾਰ ਪੰਜਾਬੀ ''ਚ ਕਰਨ ਦੇ ਹੁਕਮ

ਸ਼ੇਰਪੁਰ (ਅਨੀਸ਼) : ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਕੰਮਕਾਰ ਪੰਜਾਬੀ ਵਿਚ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਹਨ। ਹੁਕਮਾਂ ਨੂੰ ਭਾਸ਼ਾ ਵਿਭਾਗ ਤੋਂ ਇਲਾਵਾ ਉਚੇਰੀ ਸਿੱਖਿਆ ਵਿਭਾਗ ਦੇ ਇਕ ਪੱਤਰ ਨੂੰ ਆਧਾਰ ਬਣਾਇਆ ਗਿਆ ਹੈ, ਜਿਸ 'ਚ ਰਾਜ ਭਾਸ਼ਾ ਤਰਮੀਮ ਐਕਟ 2008 ਅਨੁਸਾਰ ਦਫ਼ਤਰੀ ਕੰਮਕਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦਫ਼ਤਰੀ ਕੰਮ ਹੁਣ ਪੰਜਾਬੀ ਭਾਸ਼ਾ 'ਚ ਕੀਤੇ ਜਾਣਾ ਲਾਜ਼ਮੀ ਹੋਵੇਗਾ। ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਨੇ ਇਹ ਪੱਤਰ 12 ਦਸੰਬਰ ਨੂੰ ਪੰਜਾਬ ਦੇ ਸਾਰੇ ਵਿਭਾਗਾਂ ਵਿਚ ਭੇਜਿਆ ਸੀ।

ਪੱਤਰ 'ਚ ਲਿਖਿਆ ਹੈ ਕਿ ਹਦਾਇਤਾਂ ਦੇ ਬਾਵਜੂਦ ਬਹੁਤੇ ਵਿਭਾਗ ਹਾਲੇ ਵੀ ਪੰਜਾਬੀ ਭਾਸ਼ਾ ਨੂੰ ਦਫ਼ਤਰਾਂ ਦੇ ਕੰਮਕਾਰ ਲਈ ਨਹੀਂ ਵਰਤਦੇ। ਵਿਭਾਗ ਨੂੰ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਹੁਕਮ ਦੁਬਾਰਾ ਜਾਰੀ ਕਰ ਦਿੱਤੇ ਗਏ ਜਿਨ੍ਹਾਂ ਨੂੰ ਸਿੱਖਿਆ ਵਿਭਾਗ ਨੇ ਤਾਮੀਲ ਕਰ ਕੇ ਜ਼ਿਲਾ ਪੱਧਰ 'ਤੇ ਸਮਰੱਥ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਜਾਰੀ ਪੱਤਰ ਅਨੁਸਾਰ ਪੰਜਾਬ ਸਕੱਤਰੇਤ ਸਮੇਤ ਸਮੂਹ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਦਫ਼ਤਰੀ ਕੰਮਕਾਰ ਪੰਜਾਬੀ ਵਿਚ ਹੀ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਨ੍ਹਾਂ ਹੁਕਮਾਂ ਲਈ ਪੰਜਾਬ ਭਰ ਦੀਆਂ ਪੰਜਾਬੀ ਭਾਸ਼ਾ ਪਾਸਾਰ ਇਕਾਈਆਂ ਮੰਗ ਕਰ ਰਹੀਆਂ ਸਨ, ਜਿਨ੍ਹਾਂ ਦੀਆਂ ਸਮਾਬੱਧ ਸ਼ਿਕਾਇਤਾਂ ਤੋਂ ਬਾਅਦ ਅਜਿਹੇ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ ਜਥੇਬੰਦੀਆਂ ਚੰਡੀਗੜ੍ਹ 'ਚ ਵੀ ਪੰਜਾਬੀ ਨੂੰ ਦਫ਼ਤਰੀ ਭਾਸ਼ਾ ਬਣਾਉਣ ਲਈ ਯਤਨਸ਼ੀਲ ਹਨ ਪਰ ਹਾਲੇ ਇਸ ਦਾ ਕੋਈ ਬਹੁਤਾ ਅਸਰ ਦਿਖਾਈ ਨਹੀਂ ਦੇ ਰਿਹਾ।


author

cherry

Content Editor

Related News