ਸ਼ੇਰ ਸਿੰਘ ਘੁਬਾਇਆ ਲਈ ਇਸ ਵਾਰ ਲੋਕ ਸਭਾ ਦੀਆਂ ਪੌੜੀਆਂ ਚੜ੍ਹਨਾ ਸੌਖਾ ਨਹੀਂ

04/22/2019 10:21:12 AM

ਫਿਰੋਜ਼ਪੁਰ (ਕੁਮਾਰ) - ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਵਾਰ-ਵਾਰ ਸੰਸਦੀ ਚੋਣ ਜਿੱਤ ਚੁੱਕੇ ਸ਼ੇਰ ਸਿੰਘ ਘੁਬਾਇਆ ਲਈ ਇਸ ਵਾਰ ਕਾਂਗਰਸ ਦੀ ਟਿਕਟ 'ਤੇ ਫਿਰੋਜ਼ਪੁਰ ਸੰਸਦੀ ਖੇਤਰ ਤੋਂ ਚੋਣ ਜਿੱਤ ਕੇ ਸੰਸਦ ਦੀਆਂ ਪੌੜੀਆਂ ਚੜ੍ਹਨਾ ਸੌਖਾ ਨਹੀਂ ਹੋਵੇਗਾ। ਜੇਕਰ ਫਿਰੋਜ਼ਪੁਰ ਸੰਸਦੀ ਖੇਤਰ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਵਲੋਂ ਚੋਣ ਲੜਦੇ ਹਨ ਤਾਂ ਘੁਬਾਇਆ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਰੋਜ਼ਪੁਰ ਸੰਸਦੀ ਖੇਤਰ ਤੋਂ ਕਾਂਗਰਸ ਦੀ ਟਿਕਟ ਲੈਣ ਲਈ ਜੋ ਕਾਂਗਰਸੀ ਦਾਅਵੇਦਾਰ ਆਗੂ ਹਨ, ਉਨ੍ਹਾਂ ਦੇ ਮੁਕਾਬਲੇ 'ਚ ਸਨ, ਹੁਣ ਜਦ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਤਾਂ ਉਹ ਘੁਬਾਇਆ ਦੀ ਮਦਦ ਕਰਦੇ ਹਨ ਜਾਂ ਨਹੀ, ਇਹ ਵੀ ਇਕ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ। ਇਸ ਸੰਸਦੀ ਹਲਕੇ 'ਚ ਹਿੰਦੂ ਸਮਾਜ ਨੇ ਕਾਂਗਰਸ ਦੀ ਟਿਕਟ ਕਿਸੇ ਹਿੰਦੂ-ਸਿੱਖ ਸਮਾਜ ਦੇ ਉਮੀਦਵਾਰ ਨੂੰ ਦੇਣ ਦੀ ਕਾਂਗਰਸ ਹਾਈਕਮਾਨ ਨੂੰ ਮੰਗ ਰੱਖੀ ਸੀ ਤੇ ਹਿੰਦੂ ਸਿੱਖ ਸਮਾਜ ਦੀ ਲੀਡਰਸ਼ਿਪ ਦਾ ਮੰਨਣਾ ਸੀ ਕਿ ਜੇਕਰ ਫਿਰੋਜ਼ਪੁਰ ਸੰਸਦੀ ਹਲਕੇ ਤੋਂ ਕਰੀਬ 3 ਲੱਖ ਰਾਏ ਸਿੱਖ ਵੋਟਰ ਹਨ ਤਾਂ ਕਰੀਬ 5 ਲੱਖ ਵੋਟਰ ਹਿੰਦੂ-ਸਿੱਖ ਸਮਾਜ ਦੇ ਵੀ ਹਨ।

ਦੇਖਣ ਵਾਲੀ ਗੱਲ ਇਹ ਹੈ ਕਿ ਜੇਕਰ ਹਿੰਦੂ ਸਿੱਖ ਵੋਟਰ ਵਾਲਾ ਫੈਕਟਰ ਚੱਲ ਜਾਂਦਾ ਹੈ ਤਾਂ ਉਨ੍ਹਾਂ ਦਾ ਸਿੱਧਾ ਨੁਕਸਾਨ ਸ਼ੇਰ ਸਿੰਘ ਘੁਬਾਇਆ ਨੂੰ ਚੁੱਕਣਾ ਪੈ ਸਕਦਾ ਹੈ। ਸਿਆਸੀ ਪੰਡਿਤਾਂ ਦੀ ਜੇਕਰ ਮੰਨੀਏ ਤਾਂ ਸ਼੍ਰੋਮਣੀ ਅਕਾਲੀ ਦਲ 'ਚ ਰਹਿੰਦੇ ਹੋਏ ਸੱਤਾ ਦੇ 10 ਸਾਲਾਂ 'ਚ ਜਿਨ੍ਹਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਧੱਕੇਸ਼ਾਹੀਆਂ ਹੋਈਆਂ ਹਨ, ਅੱਜ ਉਹ ਕਾਂਗਰਸੀ ਆਗੂ ਤੇ ਵਰਕਰ ਘੁਬਾਇਆ ਦੀ ਮਦਦ ਕਰਦੇ ਹਨ ਜਾਂ ਵਿਰੋਧ? 

ਫਿਰੋਜ਼ਪੁਰ ਦੇ ਲੋਕ ਇਸ ਵਾਰ ਸ਼ੇਰ ਸਿੰਘ ਘੁਬਾਇਆ ਨੂੰ ਕਰਨਗੇ ਸਵਾਲ
ਫਿਰੋਜ਼ਪੁਰ ਦੇ ਵੋਟਰ ਬਹੁਤ ਜਾਗਰੂਕ ਹੋ ਚੁੱਕੇ ਹਨ ਅਤੇ ਬਹੁਮਤ 'ਚ ਫਿਰੋਜ਼ਪੁਰ ਦੇ ਵੋਟਰ ਅਜਿਹੇ ਹਨ, ਜੋ ਫਿਰੋਜ਼ਪੁਰ 'ਚ ਕੇਂਦਰ ਦੀ ਸਰਕਾਰ ਵਲੋਂ ਵੱਡੇ ਪ੍ਰੋਜੈਕਟ ਚਾਹੁੰਦੇ ਹਨ, ਜਿਸ ਨਾਲ ਹਲਕੇ ਦੀ ਆਰਥਿਕਤਾ ਮਜ਼ਬੂਤ ਹੋ ਸਕੇ, ਬੱਚਿਆਂ ਨੂੰ ਰੋਜ਼ਗਾਰ ਤੇ ਪੜ੍ਹਾਈ ਲਈ ਵਿਦੇਸ਼ਾਂ ਅਤੇ ਮੁੰਬਈ, ਦਿੱਲੀ ਆਦਿ ਵੱਡੇ ਸ਼ਹਿਰਾਂ 'ਚ ਨਾ ਜਾਣਾ ਪਵੇ। ਫਿਰੋਜ਼ਪੁਰ ਦੇ ਲੋਕ ਚਾਹੁੰਦੇ ਹਨ ਕਿ ਇਥੇ ਬੱਚਿਆਂ ਲਈ ਉਚ ਸਿੱਖਿਆ ਤੇ ਸਿਹਤ ਸਬੰਧੀ ਸਭ ਤਰ੍ਹਾਂ ਦੀਆਂ ਸਹੂਲਤਾਂ ਹੋਣ, ਹੁਸੈਨੀਵਾਲਾ ਭਾਰਤ-ਪਾਕਿ ਬਾਰਡਰ ਵਪਾਰ ਲਈ ਖੁੱਲ੍ਹੇ, ਦੇਸ਼ ਦੀ ਆਜ਼ਾਦੀ ਤੋਂ ਚੱਲੀ ਆ ਰਹੀ ਫਿਰੋਜ਼ਪੁਰ ਦੀ ਮੰਦਹਾਲੀ ਦੂਰ ਹੋਵੇ ਅਤੇ ਹਰ ਖੇਤਰ 'ਚ ਪਿੱਛੜਿਆ ਇਹ ਸ਼ਹੀਦਾਂ ਦਾ ਸ਼ਹਿਰ ਖੁਸ਼ਹਾਲ ਹੋਵੇ। ਇਸ ਵਾਰ ਫਿਰੋਜ਼ਪੁਰ ਦੇ ਲੋਕ 10 ਸਾਲ ਤੋਂ ਸੰਸਦ ਮੈਂਬਰ ਰਹੇ ਸ਼ੇਰ ਸਿੰਘ ਘੁਬਾਇਆ ਨੂੰ ਪੁੱਛਣਗੇ ਕਿ ਉਨ੍ਹਾਂ ਨੇ ਪਾਰਲੀਮੈਂਟ 'ਚ ਜਾ ਕੇ ਫਿਰੋਜ਼ਪੁਰ ਲਈ ਕੀ-ਕੀ ਮੰਗ ਚੁੱਕੀ ਤੇ 10 ਸਾਲਾਂ 'ਚ ਉਹ ਫਿਰੋਜ਼ਪੁਰ ਲਈ ਕੀ-ਕੀ ਪ੍ਰੋਜੈਕਟ ਲੈ ਕੇ ਆਏ ਹਨ। ਇਸ ਸਬੰਦਧ 'ਚ ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ 10 ਸਾਲ ਸੰਸਦ ਮੈਂਬਰ ਰਹਿੰਦੇ ਈਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਫਿਰੋਜ਼ਪੁਰ ਸੰਸਦੀ ਖੇਤਰ ਦੇ ਵਿਕਾਸ ਤੇ ਮੰਗਾਂ ਨੂੰ ਲੈ ਕੇ ਪਾਰਲੀਮੈਂਟ 'ਚ ਆਵਾਜ਼ ਚੁੱਕੀ ਹੈ। ਉਹ ਭਵਿੱਖ 'ਚ ਵੀ ਫਿਰੋਜ਼ਪੁਰ ਦੇ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ 'ਚ ਆਵਾਜ਼ ਉਠਾਉਂਦੇ ਰਹਿਣਗੇ।


rajwinder kaur

Content Editor

Related News