ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਇਕਜੁੱਟ ਹੋਵੇ ਸ਼ੈਲਰ ਇੰਡਸਟਰੀ : ਭਗਵੰਤ ਮਾਨ

10/01/2019 9:28:59 PM

ਸੰਗਰੂਰ,(ਬੇਦੀ): ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਮਾਰੂ ਨੀਤੀਆਂ ਸਬੰਧੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਖੁੱਲ੍ਹੇ ਸੱਦੇ 'ਤੇ ਸੰਗਰੂਰ 'ਚ ਸੈਂਕੜਿਆਂ ਦੀ ਗਿਣਤੀ 'ਚ ਸ਼ੈਲਰ ਮਾਲਕ ਪੰਜਾਬ ਭਰ ਤੋਂ ਪਹੁੰਚੇ। ਸਥਾਨਕ ਰਿਜ਼ਾਰਟ 'ਚ ਆਯੋਜਿਤ ਬੈਠਕ 4 ਘੰਟੇ ਚੱਲੀ ਤੇ ਸ਼ੈਲਰ ਮਾਲਕਾਂ ਨੇ ਪੰਜਾਬ ਤੇ ਕੇਂਦਰ ਸਰਕਾਰਾਂ ਦੀਆਂ ਮਾਰੂ ਨੀਤੀਆਂ ਵਿਰੁੱਧ ਰੱਜ ਕੇ ਭੜਾਸ ਕੱਢੀ। ਇਸ ਮੌਕੇ ਭਗਵੰਤ ਮਾਨ ਦੀ ਤਜਵੀਜ਼ 'ਤੇ ਸ਼ੈਲਰ ਮਾਲਕਾਂ ਨੇ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਨੂੰ ਐਡਹਾਕ ਪ੍ਰਧਾਨ ਚੁਣ ਲਿਆ ਗਿਆ। ਇਹ ਸਹਿਮਤੀ ਬਣੀ ਕਿ ਜਦ ਤੱਕ ਸ਼ੈਲਰ ਮਾਲਕ ਲੋਕਤੰਤਰਿਕ ਤਰੀਕੇ ਨਾਲ ਆਪਣਾ ਪ੍ਰਧਾਨ ਨਹੀਂ ਚੁਣ ਲੈਂਦੇ, ਉਦੋਂ ਤੱਕ ਬਤੌਰ ਐਡਹਾਕ ਪ੍ਰਧਾਨ, ਨੀਨਾ ਮਿੱਤਲ ਸ਼ੈਲਰ ਉਦਯੋਗ ਲਈ ਗਠਿਤ ਨਿਊ ਪੰਜਾਬ ਰਾਈਸ ਮਿੱਲਰ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਨਗੇ।

ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਭਗਵੰਤ ਮਾਨ ਨੇ ਦੱਸਿਆ ਕਿ ਜਿੱਥੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 'ਆਪ' ਦੇ ਵਿਧਾਇਕ ਵਿਧਾਨ ਸਭਾ ਦੇ ਸਪੀਕਰ ਕੋਲੋਂ ਇਸ ਸਮੱਸਿਆ ਦੇ ਸਾਂਝੇ ਹੱਲ ਲਈ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਬੁਲਾਉਣ ਦੀ ਮੰਗ ਕਰਨਗੇ। ਉੱਥੇ ਉਹ ਕੇਂਦਰੀ ਖ਼ੁਰਾਕ ਤੇ ਸਪਲਾਈ ਮੰਤਰਾਲੇ ਕੋਲ ਸ਼ੈਲਰ ਮਾਲਕਾਂ ਦੇ ਮਸਲੇ ਤੁਰੰਤ ਹੱਲ ਕਰਨ ਲਈ ਪਹੁੰਚ ਕਰਨਗੇ। ਉਨ੍ਹਾਂ ਨੇ ਸ਼ੈਲਰ ਮਾਲਕਾਂ ਨੂੰ ਭਰੋਸਾ ਦਿੱਤਾ ਕਿ ਉਹ ਪਾਰਲੀਮੈਂਟ ਦੀ ਖ਼ੁਰਾਕ ਸਪਲਾਈ ਤੇ ਖਪਤਕਾਰ ਕਮੇਟੀ ਦੇ ਮੈਂਬਰ ਵਜੋਂ ਅਕਤੂਬਰ ਮਹੀਨੇ ਹੋਣ ਵਾਲੀ ਬੈਠਕ 'ਚ ਨਾ ਸਿਰਫ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉਠਾਉਣਗੇ ਬਲਕਿ ਸ਼ੈਲਰ ਮਾਲਕਾਂ ਦੇ ਨੁਮਾਇੰਦਿਆਂ ਦੀ ਕਮੇਟੀ ਮੈਂਬਰ ਸੰਸਦ ਮੈਂਬਰਾਂ ਨਾਲ ਮੁਲਾਕਾਤ ਵੀ ਕਰਵਾਉਣਗੇ।

ਇਸ ਮੌਕੇ 'ਆਪ' ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ ਅਤੇ 'ਆਪ' ਦੇ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਨੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਲਈ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਚੀਮਾ ਤੇ ਅਮਨ ਅਰੋੜਾ ਨੇ ਭਰੋਸਾ ਦਿੱਤਾ ਕਿ ਉਹ ਸ਼ੈਲਰ ਮਾਲਕਾਂ ਦੇ ਮਸਲੇ ਵਿਧਾਨ ਸਭਾ ਸਮੇਤ ਹਰ ਚੌਕ-ਚੁਰਾਹੇ 'ਤੇ ਉਠਾਏਗੀ ਤਾਂ ਕਿ ਸੁੱਤੀਆਂ ਪਈਆਂ ਸਰਕਾਰਾਂ ਨੂੰ ਲੋਕ ਹਿੱਤ ਤੇ ਪੰਜਾਬ ਦੇ ਹਿੱਤਾਂ ਲਈ ਜਗਾਇਆ ਜਾਵੇ। ਪੰਜਾਬ ਭਰ ਤੋਂ ਪਹੁੰਚੇ ਸ਼ੈਲਰ ਮਾਲਕਾਂ ਨੇ ਸੂਬਾ ਸਰਕਾਰ ਵੱਲੋਂ ਐਲਾਨੀ ਗਈ ਨਵੀਂ ਕਸਟਮ ਮਿਲਿੰਗ ਪਾਲਿਸੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਇਸ ਮਾਰੂ ਨੀਤੀ ਨਾਲ ਸ਼ੈਲਰ ਇੰਡਸਟਰੀ ਤਬਾਹ ਹੋ ਜਾਵੇਗੀ, ਜਿਸ ਦਾ ਸਭ ਤੋਂ ਵੱਧ ਸੰਤਾਪ ਪੰਜਾਬ ਦੇ ਕਿਸਾਨ, ਲੇਬਰ, ਟਰਾਂਸਪੋਰਟਰ ਤੇ ਆੜ੍ਹਤੀਆਂ ਨੂੰ ਵੀ ਝੱਲਣਾ ਪਵੇਗਾ।


Related News