ਮੰਦਾਕਿਨੀ ਰਿਜ਼ਾਰਟ ''ਚ ਚੱਲੀ ਗੋਲੀ ਦੇ ਮਾਮਲੇ ''ਚ ਨਾਮਜ਼ਦ ਭਾਜਪਾ ਆਗੂ ਸ਼ੀਤਲ ਅੰਗੁਰਾਲ ਫਰਾਰ
Thursday, Jun 28, 2018 - 07:27 AM (IST)
ਜਲੰਧਰ, (ਮਹੇਸ਼)- 25 ਜੂਨ ਦੀ ਰਾਤ ਨੂੰ ਜਲੰਧਰ ਫਗਵਾੜਾ ਰੋਡ 'ਤੇ ਸਥਿਤ ਮੰਦਾਕਿਨੀ ਰਿਜ਼ਾਰਟ ਵਿਚ ਆਯੋਜਿਤ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਨੂੰ ਲੈ ਕੇ ਥਾਣਾ ਰਾਮਾ ਮੰਡੀ ਵਿਚ ਆਰਮਜ਼ ਐਕਟ ਤੇ ਆਈ. ਪੀ. ਸੀ. ਦੀਆਂ ਧਾਰਾਵਾਂ ਦੇ ਤਹਿਤ ਨਾਮਜ਼ਦ ਕੀਤਾ ਗਿਆ ਭਾਜਪਾ ਆਗੂ ਸ਼ੀਤਲ ਅੰਗੁਰਾਲ ਫਰਾਰ ਹੈ। ਘਟਨਾ ਦੇ ਤੀਜੇ ਦਿਨ ਵੀ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਏ. ਸੀ. ਪੀ. ਸੈਂਟਰਲ ਸਤਿੰਦਰ ਕੁਮਾਰ ਚੱਢਾ ਨੇ ਦੱਸਿਆ ਕਿ ਅੱਜ ਐੱਸ. ਐੱਚ. ਓ. ਰਾਮਾ ਮੰਡੀ ਰੁਪਿੰਦਰ ਸਿੰਘ ਤੇ ਨੰਗਲ ਸ਼ਾਮਾ ਪੁਲਸ ਚੌਕੀ ਦੇ ਮੁਖੀ ਰਵਿੰਦਰ ਕੁਮਾਰ ਦੀ ਅਗਵਾਈ ਵਿਚ ਵੱਖ-ਵੱਖ ਪੁਲਸ ਪਾਰਟੀਆਂ ਨੇ ਸ਼ੀਤਲ ਅੰਗੁਰਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਬਸਤੀ ਦਾਨਿਸ਼ਮੰਦਾਂ ਸਥਿਤ ਉਸ ਦੇ ਘਰ ਤੇ ਦਫ਼ਤਰ ਤੋਂ ਇਲਾਵਾ ਕਈ ਸ਼ੱਕੀ ਥਾਵਾਂ 'ਤੇ ਛਾਪੇਮਾਰੀ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। ਪੁਲਸ ਦਾ ਕਹਿਣਾ ਹੈ ਕਿ ਸ਼ੀਤਲ ਦੇ ਦਫ਼ਤਰ ਨੂੰ ਤਾਲੇ ਲੱਗੇ ਹੋਏ ਸਨ। ਏ. ਸੀ. ਪੀ. ਚੱਢਾ ਨੇ ਦੱਸਿਆ ਕਿ ਸ਼ੀਤਲ ਦੇ ਖਿਲਾਫ ਮੰਦਾਕਿਨੀ ਰਿਜ਼ਾਰਟ ਦੇ ਮੈਨੇਜਰ ਵਰਿੰਦਰ ਕੁਮਾਰ ਪੁੱਤਰ ਦਲੀਪ ਚੰਦ ਵਾਸੀ ਮੰਡੀ, ਹਿਮਾਚਲ ਪ੍ਰਦੇਸ਼ ਦੇ ਬਿਆਨਾਂ 'ਤੇ ਧਾਰਾ ਤੇ ਆਰਮਜ਼ ਐਕਟ ਦਾ ਕੇਸ ਵਾਰਦਾਤ ਵਾਲੀ ਦੇਰ ਰਾਤ ਨੂੰ ਹੀ ਦਰਜ ਕਰ ਲਿਆ ਗਿਆ ਸੀ। ਪੁਲਸ ਨੇ ਸ਼ੀਤਲ ਨੂੰ ਲੈ ਕੇ ਪਹਿਲਾਂ ਦਰਜ ਮਾਮਲਿਆਂ 'ਤੇ ਜਾਂਚ ਕਰਵਾਈ ਜਿਸ ਵਿਚ ਪਤਾ ਲੱਗਾ ਕਿ ਉਸ 'ਤੇ ਥਾਣਾ ਨੰਬਰ 5 ਵਿਚ ਕਈ ਕੇਸ ਦਰਜ ਹਨ। ਏ. ਸੀ. ਪੀ. ਚੱਢਾ ਨੇ ਦੱਸਿਆ ਕਿ ਸ਼ੀਤਲ ਅੰਗੁਰਾਲ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੰਗਲਵਾਰ ਨੂੰ ਸ਼ੀਤਲ ਅੰਗੁਰਾਲ ਨੇ ਉਸ 'ਤੇ ਦਰਜ ਕੀਤੇ ਗਏ ਕੇਸ ਨੂੰ ਲੈ ਕੇ ਰਾਜਨੀਤਕ ਸਾਜ਼ਿਸ਼ ਦੱਸਿਆ ਸੀ ਤੇ ਕਿਹਾ ਕਿ ਵਿਆਹ ਸਮਾਗਮ ਵਿਚ ਕੋਈ ਗੋਲੀ ਨਹੀਂ ਚੱਲੀ ਹੈ। ਉਸ ਨੇ ਕਿਹਾ ਕਿ ਉਸ 'ਤੇ ਦਰਜ ਕੀਤੇ ਗਏ ਝੂਠੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਸਟੇਅ ਹਾਸਲ ਕਰੇਗਾ। ਭਾਵੇਂ ਸ਼ੀਤਲ ਕਹਿ ਰਿਹਾ ਹੈ ਕਿ ਗੋਲੀ ਨਹੀਂ ਚੱਲੀ ਪਰ ਪੁਲਸ ਦਾ ਕਹਿਣਾ ਹੈ ਕਿ ਜੇਕਰ ਗੋਲੀ ਨਹੀਂ ਚੱਲੀ ਤਾਂ ਵਿਆਹ ਵਿਚ ਹਫੜਾ-ਤਫੜੀ ਕਿਵੇਂ ਮਚ ਗਈ।
