ਸ਼ੀਤਲ ਅੰਗੂਰਾਲ ਤੇ ਉਸ ਦੇ ਭਰਾਵਾਂ ਦੇ ਨਿਕਲੇ ਗ੍ਰਿਫਤਾਰੀ ਵਾਰੰਟ

Thursday, Feb 08, 2018 - 06:50 AM (IST)

ਸ਼ੀਤਲ ਅੰਗੂਰਾਲ ਤੇ ਉਸ ਦੇ ਭਰਾਵਾਂ ਦੇ ਨਿਕਲੇ ਗ੍ਰਿਫਤਾਰੀ ਵਾਰੰਟ

ਜਲੰਧਰ(ਰਾਜੇਸ਼)-ਅਦਾਲਤ 'ਚ ਕਈ ਵਾਰ ਬੁਲਾਉਣ ਦੇ ਬਾਵਜੂਦ ਨਾ ਪਹੁੰਚਣ 'ਤੇ ਭਾਜਪਾ ਦੇ ਜਨਰਲ ਸਕੱਤਰ ਐੱਸ. ਸੀ. ਮੋਰਚਾ ਪੰਜਾਬ ਸ਼ੀਤਲ ਅੰਗੂਰਾਲ ਤੇ ਉਨ੍ਹਾਂ ਦੇ ਭਰਾਵਾਂ ਰਾਜਨ ਅੰਗੂਰਾਲ ਤੇ ਲਾਲੀ ਅੰਗੂਰਾਲ ਖਿਲਾਫ ਗ੍ਰਿਫਤਾਰੀ ਵਾਰੰਟ ਕੱਢ ਦਿੱਤੇ ਹਨ। ਜੋ ਗ੍ਰਿਫਤਾਰੀ ਵਾਰੰਟ ਥਾਣਾ 5 ਦੀ ਪੁਲਸ ਨੂੰ ਭੇਜੇ ਗਏ ਹਨ, ਜਿਸ 'ਚ ਥਾਣਾ 5 ਦੀ ਪੁਲਸ ਨੂੰ ਹੁਕਮ ਦਿੱਤੇ ਗਏ ਹਨ ਕਿ ਸ਼ੀਤਲ ਅੰਗੂਰਾਲ ਤੇ ਉਨ੍ਹਾਂ ਦੇ ਭਰਾਵਾਂ ਨੂੰ ਅਦਾਲਤ 'ਚ ਤੁਰੰਤ ਪੇਸ਼ ਕੀਤਾ ਜਾਵੇ। ਥਾਣਾ 5 ਦੀ ਪੁਲਸ ਸ਼ੀਤਲ ਅੰਗੂਰਾਲ ਦੇ ਗ੍ਰਿਫਤਾਰੀ ਵਾਰੰਟ ਲੈ ਕੇ ਉਨ੍ਹਾਂ ਦੇ ਘਰ ਪਹੁੰਚੀ ਪਰ  ਸ਼ੀਤਲ ਤੇ ਉਨ੍ਹਾਂ ਦੇ ਭਰਾ ਘਰ ਨਹੀਂ ਮਿਲੇ ਤਾਂ ਪੁਲਸ ਉਨ੍ਹਾਂ ਦੇ ਦਾਨਿਸ਼ਮੰਦਾਂ ਸਥਿਤ ਦਫਤਰ ਵਿਖੇ ਪੁਹੰਚੀ ਪਰ ਪੁਲਸ ਨੂੰ ਉਥੋਂ ਬੇਰੰਗ ਮੁੜਨਾ ਪਿਆ। ਸ਼ੀਤਲ ਅੰਗੂਰਾਲ ਤੇ ਉਨ੍ਹਾਂ ਦੇ ਭਰਾਵਾਂ ਦੇ ਗ੍ਰਿਫਤਾਰੀ ਵਾਰੰਟ ਨਿਕਲਣ ਨਾਲ ਇਲਾਕੇ 'ਚ ਸਿਆਸੀ ਮਾਹੌਲ ਗਰਮਾ ਗਿਆ ਹੈ। ਥਾਣਾ 5 ਦੀ ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਨਹੀਂ ਸੀ ਉਹ ਅਦਾਲਤ ਵਲੋਂ ਆਏ ਵਾਰੰਟ ਦੇ ਆਧਾਰ 'ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਆਏ ਸਨ।
ਕੀ ਸੀ ਮਾਮਲਾ?
ਭਾਜਪਾ ਨੇਤਾ ਸ਼ੀਤਲ ਅੰਗੂਰਾਲ, ਰਾਜਨ ਅੰਗੂਰਾਲ ਤੇ ਲਾਲੀ ਅੰਗੂਰਾਲ ਖਿਲਾਫ ਲਗਭਗ 2 ਸਾਲ ਪਹਿਲਾਂ ਬਸਤੀ ਦਾਨਿਸ਼ਮੰਦਾਂ 'ਚ ਰਹਿਣ ਵਾਲੇ ਕਿਸ਼ਨ ਲਾਲ ਨੇ ਸ਼ਿਕਾਇਤ ਕੀਤੀ ਸੀ ਕਿ ਉਕਤ ਲੋਕਾਂ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦਾ ਯਤਨ ਕੀਤਾ ਸੀ, ਜਿਸ ਤੋਂ ਬਾਅਦ ਕਿਸ਼ਨ ਲਾਲ  ਨੇ ਭਾਜਪਾ ਨੇਤਾ ਸ਼ੀਤਲ ਅੰਗੂਰਾਲ ਤੇ ਉਨ੍ਹਾਂ ਦੇ ਭਰਾਵਾਂ ਖਿਲਾਫ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਸ਼ੀਤਲ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਖਿਲਾਫ ਆਈ ਸ਼ਿਕਾਇਤ ਦੀ ਜਾਂਚ ਕੀਤੀ ਜਾਵੇ ਤੇ ਜਾਂਚ 'ਚ ਕਿਸ਼ਨ ਲਾਲ ਝੂਠਾ ਸਬਿਤ ਹੋਇਆ ਤੇ ਪੁਲਸ ਨੇ ਉਸਦੇ ਖਿਲਾਫ ਝੂਠੀ ਸ਼ਿਕਾਇਤ ਦੇਣ ਦੇ ਮਾਮਲੇ 'ਚ ਧਾਰਾ 182 ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ ਜੋਂ ਹੁਣ ਤੱਕ ਅਦਾਲਤ 'ਚ ਵਿਚਾਰ ਅਧੀਨ ਸੀ, ਜਿਥੇ ਸ਼ੀਤਲ ਆਪਣੀ ਗਵਾਹੀ ਦੇਣ ਨਹੀਂ ਪਹੁੰਚੇ ਅਤੇ ਉਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਕੱਢ ਦਿੱਤੇ ਗਏ।
ਕਿਸ਼ਨ ਲਾਲ ਨੇ ਕਰ ਲਿਆ ਸੀ ਰਾਜ਼ੀਨਾਮਾ ਇਸ ਲਈ ਨਹੀਂ ਗਿਆ ਅਦਾਲਤ : ਸ਼ੀਤਲ
ਭਾਜਪਾ ਨੇਤਾ ਸ਼ੀਤਲ ਅੰਗੂਰਾਲ ਨਾਲ ਉਨ੍ਹਾਂ ਦੇ ਗ੍ਰਿਫਤਾਰੀ ਵਾਰੰਟ ਸੰਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਿਸ਼ਨ ਲਾਲ ਉਨ੍ਹਾਂ ਦੇ ਘਰ ਆ ਕੇ ਰਾਜ਼ੀਨਾਮਾ ਕਰ ਗਿਆ ਸੀ, ਜਿਸਦਾ ਲਿਖਤੀ ਸਬੂਤ ਉਨ੍ਹਾਂ ਕੋਲ ਮੌਜੂਦ ਹੈ। ਰਾਜ਼ੀਨਾਮੇ ਤੋਂ ਬਾਅਦ ਉਨ੍ਹਾਂ ਸੋਚਿਆ ਨਹੀਂ ਸੀ ਕਿ ਹੁਣ ਤੱਕ ਇਹ ਕੇਸ ਅਦਾਲਤ 'ਚ ਪੈਂਡਿੰਗ ਹੈ। ਸ਼ੀਤਲ ਨੇ ਦੱਸਿਆ ਕਿ ਜੋ ਉਨ੍ਹਾਂ ਖਿਲਾਫ ਕਿਸ਼ਨ ਲਾਲ ਨੇ ਝੂਠੀ ਸ਼ਿਕਾਇਤ ਦਿੱਤੀ ਸੀ ਇਸ ਕਾਰਨ ਉਸ ਖਿਲਾਫ ਧਾਰਾ 183 ਤਹਿਤ ਮਾਮਲਾ ਦਰਜ ਹੋਇਆ ਹੈ। ਇਸ ਕਾਰਨ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਕੇਸ ਅਜੇ ਵਿਚਾਰਅਧੀਨ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਉਨ੍ਹਾਂ ਖਿਲਾਫ ਅਦਾਲਤ ਵਲੋਂ ਕੋਈ ਸੰਮਨ ਤੱਕ ਵੀ ਨਹੀਂ ਆਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਅਦਾਲਤ 'ਚ ਉਨ੍ਹਾਂ ਨੂੰ ਕਿਉਂ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਕੀਲ ਅਦਾਲਤ 'ਚ ਪੇਸ਼ ਹੋ ਗਏ ਹਨ, ਜਿਸਦੀ ਅਗਲੀ ਤਰੀਕ 20 ਫਰਵਰੀ ਹੈ ਤਾਂ ਉਹ ਅਦਾਲਤ 'ਚ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਉਣਗੇ।


Related News