‘ਮੇਰਾ ਸ਼ਹਿਰ ਮੈਂ ਬਚਾਉਣਾ’, ਪਟਿਆਲਵੀਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਜਰਨੈਲ ਵਾਂਗ ਡਟੇ ਡੀ. ਸੀ. ਸਾਕਸ਼ੀ ਸਾਹਨੀ

Thursday, Jul 13, 2023 - 03:45 PM (IST)

‘ਮੇਰਾ ਸ਼ਹਿਰ ਮੈਂ ਬਚਾਉਣਾ’, ਪਟਿਆਲਵੀਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਜਰਨੈਲ ਵਾਂਗ ਡਟੇ ਡੀ. ਸੀ. ਸਾਕਸ਼ੀ ਸਾਹਨੀ

ਪਟਿਆਲਾ (ਰਾਜੇਸ਼ ਪੰਜੌਲਾ) : ਆਮ ਤੌਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ‘ਨੌਕਰਸ਼ਾਹ’ ਦੇ ਸ਼ਬਦ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਪਰ ਪਟਿਆਲਾ ਜ਼ਿਲ੍ਹੇ ਦੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਬਿਤ ਕਰ ਦਿੱਤਾ ਕਿ ਉਹ ਸ਼ਾਹੀ ਨਹੀਂ, ਸਗੋਂ ਆਮ ਲੋਕਾਂ ਦੀ ਸੇਵਾ ’ਚ ਖੜ੍ਹੀ ਹੈ। ਇਹ ਅਧਿਕਾਰੀ ਹੈ ਪਟਿਆਲਾ ਦੀ ਡਿਪਟੀ ਕਮਿਸ਼ਨਰ (ਆਈ. ਏ. ਐੱਸ.) ਸਾਕਸ਼ੀ ਸਾਹਨੀ। ਮੈਡਮ ਸਾਹਨੀ ਸ਼ਹਿਰ ਦੇ ਹਰ ਉਸ ਹਿੱਸੇ ’ਚ ਨਜ਼ਰ ਆ ਰਹੀ ਹੈ, ਜਿੱਥੇ ਵੀ ਲੋਕਾਂ ਨੂੰ ਪ੍ਰਸ਼ਾਸਨ ਦੀ ਲੋੜ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਪਾਣੀ ਭਰਿਆ ਹੋਇਆ ਹੈ। ਅਜਿਹੇ ਸਮੇਂ ’ਚ ਲੋਕਾਂ ਨੂੰ ਆਪਣੀ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਹੀ ਮਦਦ ਦੀ ਦਰਕਾਰ ਹੁੰਦੀ ਹੈ ਪਰ ਪਿਛਲੇ ਸਾਲਾਂ ’ਚ ਆਮ ਲੋਕ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਸਹਿਯੋਗ ਨਹੀਂ ਲੈ ਸਕੇ, ਜਿਸ ਦੀ ਉਹ ਉਮੀਦ ਕਰ ਰਹੇ ਸਨ ਪਰ ਅੱਜ ਦੀ ਐਖੀ ਘੜੀ ’ਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਨਾ ਸਿਰਫ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ, ਸਗੋਂ ਇਕ ਮਿਸਾਲ ਵੀ ਕਾਇਮ ਕਰ ਦਿੱਤੀ ਹੈ। ਪਟਿਆਲਾ ਜ਼ਿਲ੍ਹੇ ’ਚ ਪਹਿਲੀ ਵਾਰ ਹੈ ਕਿ ਕੋਈ ਮਹਿਲਾ ਬਤੌਰ ਡਿਪਟੀ ਕਮਿਸ਼ਨਰ ਆਪਣੀਆਂ ਸੇਵਾਵਾਂ ਦੇ ਰਹੀ ਹੈ। ਸਮਾਜ ’ਚ ਮਹਿਲਾਵਾਂ ਨੂੰ ਕਮਜ਼ੋਰ ਸਮਝਣ ਵਾਲਿਆਂ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੱਚ ਦਾ ਸ਼ੀਸ਼ਾ ਦਿਖਾ ਦਿੱਤਾ ਹੈ। ਉਨ੍ਹਾਂ ਨੇ ਹੜ੍ਹਾਂ ਦੇ ਡਰ ਦੇ ਮਾਹੌਲ ਨੂੰ ਖਤਮ ਕਰਦੇ ਹੋਏ ਆਪਣੀ ਹਾਜ਼ਰੀ ਉਨ੍ਹਾਂ ਥਾਵਾਂ ’ਤੇ ਲਗਾਈ ਹੈ, ਜਿੱਥੇ ਜਾਣ ਤੋਂ ਲੋਕ ਡਰ ਰਹੇ ਹਨ। ਸ਼ਹਿਰ ਦੇ ਹਰ ਕੌਨੇ-ਕੌਨੇ ’ਚ ਉਹ ਮੌਕੇ ’ਤੇ ਪਹੁੰਚ ਰਹੇ ਹਨ ਅਤੇ ਰਾਹਤ ਦੇ ਕੰਮਾਂ ’ਚ ਤੇਜ਼ੀ ਲਿਆ ਰਹੇ ਹਨ। ਇਹੀ ਨਹੀਂ, ਉਨ੍ਹਾਂ ਨੇ ਰਾਹਤ ਦੇ ਕੰਮਾਂ ’ਚ ਲੱਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਤਾਹੀ ਨਾ ਬਰਤਣ ਦੇ ਸਖਤ ਨਿਰਦੇਸ਼ ਦੇ ਦਿੱਤੇ ਹਨ।

ਇਹ ਵੀ ਪੜ੍ਹੋ : ਪਟਿਆਲਵੀਆ ਨੂੰ 3 ਦਿਨਾਂ ਬਾਅਦ ਮਿਲੀ ਹੜ੍ਹ ਦੇ ਪਾਣੀ ਤੋਂ ਨਿਜਾਤ, ਕਰੋੜਾਂ ਦਾ ਨੁਕਸਾਨ

ਇਕ ਤਰ੍ਹਾਂ ਨਾਲ ਡਿਪਟੀ ਕਮਿਸ਼ਨਰ ਸਿਵਲ ਅਧਿਕਾਰੀ ਹੁੰਦੇ ਹੋਏ ਇਕ ਆਰਮੀ ਦੇ ‘ਜਰਨੈਲ’ ਵਾਂਗ ਭੂਮਿਕਾ ਨਿਭਾ ਰਹੇ ਹਨ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਜੰਮ ਕੇ ਸ਼ਲਾਘਾ ਹੋ ਰਹੀ ਹੈ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕਰ ਰਹੇ ਹਨ ਕਿਉਂਕਿ ਉਹ ਸਵੇਰੇ 6 ਵਜੇ ਤੋਂ ਲੈ ਕੇ ਰਾਤ ਨੂੰ 2-2 ਵਜੇ ਤੱਕ ਗਰਾਉਂਡ ਜ਼ੀਰੋ ’ਤੇ ਡਿਊਟੀ ਨਿਭਾ ਰਹੇ ਹਨ। ਜਦੋਂ ਵੀ ਰਾਜਨੀਤਕ ਲੀਡਰਸ਼ਿਪ ਜਾਂ ਕਿਸੇ ਜ਼ਿਲੇ ਦਾ ਪ੍ਰਸ਼ਾਸਨਿਕ ਮੁਖੀ ਖੁਦ ਅਗਵਾਈ ਕਰਦੇ ਹੋਏ ਗਰਾਉਂਡ ਜ਼ੀਰੋ ’ਤੇ ਪਹੁੰਚਦਾ ਹੈ ਤਾਂ ਇਸ ਨਾਲ ਜਿੱਥੇ ਰਾਹਤ ਕਾਰਜਾਂ ’ਚ ਜੁਟੇ ਕਰਮਚਾਰੀ ਅਤੇ ਅਧਿਕਾਰੀ ਜ਼ਿਆਦਾ ਵਧੀਆ ਡਿਊਟੀ ਕਰਦੇ ਹਨ, ਉੱਥੇ ਹੀ ਆਮ ਲੋਕਾਂ ਨੂੰ ਹੌਂਸਲਾ ਮਿਲਦਾ ਹੈ। ਇਸ ਤਰ੍ਹਾਂ ਦੇ ਸੰਕਟਾਂ ’ਤੇ ਹੌਂਸਲੇ ਅਤੇ ਵਿਸ਼ਵਾਸ਼ ਨਾਲ ਜਿੱਤ ਹਾਸਲ ਕੀਤੀ ਜਾਂਦੀ ਹੈ।

PunjabKesari

ਅਧਿਕਾਰੀਆਂ ਦਾ ਗਰਾਉਂਡ ਜ਼ੀਰੋ ’ਤੇ ਤਾਇਨਾਤ ਹੋਣਾ ਅਤੇ ਲੋਕਾਂ ’ਚ ਇਹ ਵਿਸ਼ਵਾਸ਼ ਪੈਦਾ ਕਰਨਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਸਰਕਾਰ, ਪ੍ਰਸ਼ਾਸਨ ਅਤੇ ਪੂਰਾ ਸਿਸਟਮ ਲੋਕਾਂ ਦੀ ਹਿਫਾਜ਼ਤ ਲਈ ਅਤੇ ਉਨ੍ਹਾਂ ਦੀ ਜਾਨ ਮਾਲ ਦੀ ਰੱਖਿਆ ਲਈ ਖਡ਼੍ਹਾ ਹੈ ਤਾਂ ਲੋਕ ਆਪਣੇ ਆਪ ਹੌਂਸਲੇ ’ਚ ਆ ਜਾਂਦੇ ਹਨ। ਇਸ ਸੰਕਟ ’ਚ ਰਾਹਤ ਅਤੇ ਬਚਾਅ ਕਾਰਜਾਂ ਦੇ ਨਾਲ-ਨਾਲ ਲੋਕਾਂ ਦਾ ਵਿਸ਼ਵਾਸ਼ ਜਿੱਤਣਾ ਅਤੇ ਉਨ੍ਹਾਂ ਨੂੰ ਹੌਸਲਾ ਤੇ ਵਿਸ਼ਵਾਸ਼ ਦਿਵਾਉਣਾ ਇਕ ਬਹੁਤ ਵੱਡਾ ਕੰਮ ਹੈ। ਡਿਪਟੀ ਕਮਿਸ਼ਨਰ ਪਟਿਆਲਾ ਲੋਕਾਂ ਦਾ ਵਿਸ਼ਵਾਸ਼ ਜਿੱਤਣ ’ਚ ਕਾਮਯਾਬ ਰਹੇ ਹਨ। ਇਹੀ ਕਾਰਨ ਹੈ ਕਿ ਪਟਿਆਲਾ ਇਸ ਹਡ਼੍ਹ ਰੂਪੀ ਸੰਕਟ ਤੋਂ ਉਭਰਦਾ ਹੋਇਆ ਦਿਖਾਈ ਦੇ ਰਿਹਾ ਹੈ। ਡਿਪਟੀ ਕਮਿਸ਼ਨਰ ਮੁਤਾਬਿਕ ਪਟਿਆਲਾ ਮੇਰਾ ਹੈ ਅਤੇ ਮੈਂ ਇਸ ਨੂੰ ਬਚਾਉਣਾ ਹੈ। ਇਹ ਸ਼ਬਦ ਹਰ ਪਟਿਆਲਵੀ ਦੇ ਮੂੰਹ ’ਤੇ ਹੋਣੇ ਚਾਹੀਦੇ ਹਨ। ਹਰ ਪਟਿਆਲਵੀ ਦੀ ਜ਼ਿੰਮੇਵਾਰੀ ਹੈ ਕਿ ਉਹ ਸਹਾਇਤਾ ਕਰਨ ਲਈ ਅੱਗੇ ਆਵੇ ਅਤੇ ਪ੍ਰਸ਼ਾਸਨ ਅਤੇ ਪੁਲਸ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰੇ। ਆਪਣੀ ਜਾਨ ਨੂੰ ਸੁਰੱਖਿਅਤ ਰੱਖਦੇ ਹੋਏ ਦੂਸਰਿਆਂ ਦੀ ਮਦਦ ਕਰਨ।

ਇਹ ਵੀ ਪੜ੍ਹੋ : ਬੇਕਾਬੂ ਬੁੱਢੇ ਨਾਲੇ ਅੱਗੇ ਬੇਵੱਸ ਹੋਏ ਨਗਰ ਨਿਗਮ ਅਫਸਰ, ਰਿਪੇਅਰ ਦੇ ਕੁਝ ਦੇਰ ਬਾਅਦ ਟੁੱਟ ਰਹੇ ਬੰਨ੍ਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News