ਲੁਟੇਰਿਆਂ ਨੂੰ ਘਰ ’ਚ ਦਾਖ਼ਲ ਹੋਣ ’ਤੇ ਰੋਕਿਆ ਤਾਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਹੋਏ ਫ਼ਰਾਰ

Saturday, Aug 28, 2021 - 03:46 PM (IST)

ਲੁਟੇਰਿਆਂ ਨੂੰ ਘਰ ’ਚ ਦਾਖ਼ਲ ਹੋਣ ’ਤੇ ਰੋਕਿਆ ਤਾਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਹੋਏ ਫ਼ਰਾਰ

ਫ਼ਰੀਦਕੋਟ (ਰਾਜਨ): ਸ਼ਹਿਰ ਅੰਦਰ ਲੁਟੇਰਿਆਂ ਦੇ ਹੌਂਸਲੇ ਇਸ ਹੱਦ ਤੱਕ ਬੁਲੰਦ ਹਨ ਕਿ ਹੁਣ ਦਿਨ-ਦਿਹਾੜੇ ਹੀ ਇਨ੍ਹਾਂ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਇੱਥੋਂ ਦੇ ਗੁਰੂ ਤੇਗ ਬਹਾਦਰ ਨਗਰ ਦੀ ਗਲੀ ਨੰਬਰ 2 ਦੇ ਇੱਕ ਘਰ ਵਿੱਚ ਜਦ 3 ਲੁਟੇਰਿਆਂ ਨੇ ਲੁੱਟ ਖੋਹ ਕਰਨ ਦੀ ਨੀਯਤ ਨਾਲ ਦਰਵਾਜਾ ਖੜਕਾਇਆ ਤਾਂ ਦਰਵਾਜਾ ਖੋਲ੍ਹੇ ਜਾਣ ਦੀ ਸੂਰਤ ਵਿੱਚ ਇਨ੍ਹਾਂ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕਣ ’ਤੇ ਇਹ ਦਰਵਾਜ਼ਾ ਖੋਲ੍ਹਣ ਆਏ ਘਰ ਦੇ ਇੱਕ ਮੈਂਬਰ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਫ਼ਰਾਰ ਹੋ ਗਏ।

PunjabKesari

ਸਥਾਨਕ ਥਾਣਾ ਸਿਟੀ ਮੁਖੀ ਲਾਭ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹੋਏ ਬਲਵਿੰਦਰ ਸਿੰਘ ਪੁੱਤਰ ਪੂਰਣ ਸਿੰਘ ਵਾਸੀ ਮਾਨ ਸਿੰਘ ਵਾਲਾ ਆਪਣੇ ਮਾਮੇ ਹਰੀ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਫ਼ਰੀਦਕੋਟ ਕੋਲ ਆਇਆ ਹੋਇਆ ਸੀ ਅਤੇ ਜਦੋਂ ਦਿਨ ਦੇ ਕਰੀਬ 3:30 ’ਤੇ ਤਿੰਨ ਲੁਟੇਰਿਆਂ ਨੇ ਉਨ੍ਹਾਂ ਦੇ ਘਰ ਦਾ ਦਰਵਾਜਾ ਖੜਕਾਇਆ ਤਾਂ ਬਲਵਿੰਦਰ ਸਿੰਘ ਜੋ ਦਰਵਾਜਾ ਖੋਲ੍ਹਣ ਆਇਆ ਸੀ ਨੇ ਜਦ ਇਨ੍ਹਾਂ ਨੂੰ ਘਰ ਦੇ ਅੰਦਰ ਜਾਣ ਤੋਂ ਰੋਕਿਆ ਤਾਂ ਇਨ੍ਹਾਂ ਉਸਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਇਸ ਤੋਂ ਬਾਅਦ ਰੌਲਾ ਪੈਂਦਾ ਵੇਖ ਇਹ ਸਾਰੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਸੀ.ਸੀ.ਟੀ.ਵੀ ਫੁਟੇਜ ਹਾਸਲ ਕਰ ਲਈ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਲੁਟੇਰਿਆਂ ਦੀ ਜਲਦ ਸ਼ਨਾਖਤ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਖ਼ਮੀ ਬਲਵਿੰਦਰ ਸਿੰਘ ਮੈਡੀਕਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਜਿਸਦੀ ਹਾਲਤ ਹੁਣ ਖਤਰੇ ਵਿੱਚੋਂ ਬਾਹਰ ਹੈ। 


author

Shyna

Content Editor

Related News